ਪੰਜਾਬ: ਪੰਜਾਬ ਦੀ ਤੀਰਥ ਯਾਤਰਾ ਯੋਜਨਾ ਦੀਆਂ 3 ਬੱਸਾਂ ਨੂੰ ਉੱਤਰਾਖੰਡ ਵਿੱਚ ਇੰਪਾਊਂਡ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ, ਹਰਿਦੁਆਰ (ਉੱਤਰਾਖੰਡ) ਪਹੁੰਚੀਆਂ ਬੱਸਾਂ ਦੀ ਜਾਂਚ ਦੌਰਾਨ ਟਰਾਂਸਪੋਰਟ ਵਿਭਾਗ ਨੂੰ ਕਈ ਖਾਮੀਆਂ ਮਿਲੀਆਂ ਹਨ।
ਅਧਿਕਾਰੀਆਂ ਮੁਤਾਬਕ, ਕੁਝ ਬੱਸਾਂ ਕੋਲ ਲੋੜੀਂਦੇ ਪਰਮਿਟ ਨਹੀਂ ਸਨ ਅਤੇ ਟੈਕਸ ਜਮ੍ਹਾਂ ਕਰਵਾਉਣ ਨਾਲ ਸਬੰਧਤ ਦਸਤਾਵੇਜ਼ ਵੀ ਪੂਰੇ ਨਹੀਂ ਪਾਏ ਗਏ। ਇਸ ਦੇ ਨਾਲ ਹੀ ਯਾਤਰੀਆਂ ਦੀ ਸੁਰੱਖਿਆ ਨਾਲ ਜੁੜੇ ਮਾਪਦੰਡਾਂ ਵਿੱਚ ਵੀ ਕਮੀਆਂ ਸਾਹਮਣੇ ਆਈਆਂ ਹਨ। ਜਿਨ੍ਹਾਂ ਬੱਸਾਂ ਵਿਰੁੱਧ ਕਾਰਵਾਈ ਕੀਤੀ ਗਈ ਹੈ, ਉਹ ਪੰਜਾਬ ਵਿੱਚ ਰਜਿਸਟਰਡ ਨਹੀਂ, ਸਗੋਂ ਹੋਰਨਾਂ ਸੂਬਿਆਂ ਵਿੱਚ ਰਜਿਸਟਰਡ ਹਨ।
ਹਰਿਦੁਆਰ ਟਰਾਂਸਪੋਰਟ ਵਿਭਾਗ ਅਨੁਸਾਰ, ਜਾਂਚ ਦੌਰਾਨ 5 ਬੱਸਾਂ ਦੇ ਚਲਾਨ ਕੀਤੇ ਗਏ, ਜਦਕਿ ਦਸਤਾਵੇਜ਼ਾਂ ਅਤੇ ਸੁਰੱਖਿਆ ਮਾਪਦੰਡਾਂ ਵਿੱਚ ਕਮੀਆਂ ਕਾਰਨ 3 ਬੱਸਾਂ ਨੂੰ ਇੰਪਾਊਂਡ ਕੀਤਾ ਗਿਆ। ਵਿਭਾਗ ਦਾ ਕਹਿਣਾ ਹੈ ਕਿ ਨਿਯਮਾਂ ਦੀ ਪਾਲਣਾ ਨਾ ਹੋਣ ਕਾਰਨ ਸਰਕਾਰੀ ਮਾਲੀਏ ਨੂੰ ਨੁਕਸਾਨ ਪਹੁੰਚਣ ਦੇ ਨਾਲ-ਨਾਲ ਯਾਤਰੀਆਂ ਦੀ ਸੁਰੱਖਿਆ ਵੀ ਪ੍ਰਭਾਵਿਤ ਹੋ ਸਕਦੀ ਹੈ।
ਵਿਭਾਗ ਮੁਤਾਬਕ, ਤੀਰਥ ਯਾਤਰਾ ਯੋਜਨਾ ਤਹਿਤ ਪੰਜਾਬ ਤੋਂ ਰੋਜ਼ਾਨਾ ਲਗਭਗ 10 ਬੱਸਾਂ ਹਰਿਦੁਆਰ ਪਹੁੰਚਦੀਆਂ ਹਨ। ਇੰਪਾਊਂਡ ਕੀਤੀਆਂ ਬੱਸਾਂ ਨੂੰ ਜੁਰਮਾਨਾ ਭਰਨ ਤੋਂ ਬਾਅਦ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ।










