ਕੋਚੀ: ਕੋਚੀ ਦੇ ਨੇਦੁਮਬਸੇਰੀ ਹਵਾਈ ਅੱਡੇ ਨੇੜੇ ਇੱਕ ਤੇਜ਼ ਰਫ਼ਤਾਰ ਮਿੰਨੀ ਕੂਪਰ ਨੇ ਇੱਕ ਦੋਪਹੀਆ ਵਾਹਨ ਨੂੰ ਟੱਕਰ ਮਾਰਕੇ ਤਿੰਨ ਲੋਕਾਂ ਦੀ ਜਾਨ ਲੈਣ ਦੇ ਬਾਅਦ 19 ਸਾਲ ਦੇ ਇੱਕ ਮੁੰਡੇ ਨੇ ਕਿਹਾ ਕਿ ਪਾਪਾ ਸੰਭਾਲ ਲੈਣਗੇ । ਇਸ ਹਾਦਸੇ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ ਹੈ। ਇਹ ਹਾਦਸਾ ਬੀਤੀ ਰਾਤ ਕਰੀਬ 1:45 ਵਜੇ ਕੋਚੀਨ ਅੰਤਰਰਾਸ਼ਟਰੀ ਹਵਾਈ ਅੱਡੇ ਵੱਲ ਜਾਣ ਵਾਲੀ ਸੜਕ ‘ਤੇ ਵਾਪਰਿਆ। ਪੁਲਿਸ ਐਫ.ਆਈ.ਆਰ. ਅਨੁਸਾਰ ਸੁਹੇਲ ਸਜੀਵ ਨਾਮ ਦੇ ਲੜਕੇ ਦੇ ਤੇਜ਼ ਰਫ਼ਤਾਰ ਮਿੰਨੀ ਕੂਪਰ ਨੇ ਪਿੱਛੇ ਤੋਂ ਇੱਕ ਸਕੂਟਰ ਨੂੰ ਟੱਕਰ ਮਾਰ ਦਿੱਤੀ ਜਿਸ ਵਿੱਚ ਤਿੰਨ ਨੌਜਵਾਨ ਸਵਾਰ ਸਨ। ਟੱਕਰ ਇੰਨੀ ਜ਼ਬਰਦਸਤ ਸੀ ਕਿ ਸਵਾਰੀਆਂ ਸੜਕ ‘ਤੇ ਡਿੱਗ ਪਈਆਂ, ਜਦਕਿ ਕਾਰ ਸਕੂਟਰ ਨੂੰ ਕਰੀਬ 100 ਮੀਟਰ ਤੱਕ ਘਸੀਟ ਕੇ ਲੈ ਗਈ ਅਤੇ ਫਿਰ ਰੁਕ ਗਈ।
ਪੁਲਿਸ ਮੁਤਾਬਕ ਹਾਦਸੇ ਤੋ ਬਾਅਦ ਸੁਹੇਲ ਨੂੰ ਕੋਈ ਪਛਤਾਵਾ ਨਹੀਂ ਹੋਇਆ ਅਤੇ ਉਸ ਨੇ ਪੁੱਛਿਆ, ‘ਸੜਕਾਂ ਕਿਸ ਲਈ ਹੁੰਦੀਆਂ ਹਨ ? ਗੱਡੀ ਚਲਾਉਣ ਦੇ ਲਈ ਹੀ ਨ ? ‘ਉਸਨੇ ਪੁਲਿਸ ਨੂੰ ਇਹ ਵੀ ਕਿਹਾ ਕਿ ਉਸਦਾ ਪਿਤਾ ਇਸ ਮਾਮਲੇ ਨੂੰ ਸੰਭਾਲੇਗਾ। ਮੀਡੀਆ ਰਿਪੋਰਟਾਂ ਵਿੱਚ ਸਾਹਮਣੇ ਆਈਆਂ ਇਨ੍ਹਾਂ ਗੱਲਾਂ ਕਾਰਨ ਦੋਸ਼ੀਆਂ ਵੱਲੋਂ ਪਛਤਾਵਾ ਨਾ ਦਿਖਾਉਣ ਦੇ ਰਵੱਈਏ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਗੁੱਸਾ ਹੈ। ਜਾਂਚ ਵਿੱਚ ਸਾਹਮਣੇ ਆਇਆ ਕਿ ਮੁਲਜ਼ਮ ਨੇ ਹਾਦਸੇ ਤੋਂ ਪਹਿਲਾਂ ਸ਼ਰਾਬ ਪੀਤੀ ਸੀ। ਕੇਰਲ ਵਿੱਚ ਸ਼ਰਾਬ ਪੀਣ ਦੀ ਕਾਨੂੰਨੀ ਉਮਰ 23 ਸਾਲ ਹੈ, ਇਸ ਲਈ 19 ਸਾਲ ਦੀ ਉਮਰ ਦੇ ਬੱਚੇ ਨੂੰ ਸ਼ਰਾਬ ਪਰੋਸਣਾ ਗੈਰ-ਕਾਨੂੰਨੀ ਹੈ।
ਮ੍ਰਿਤਕਾਂ ਦੀ ਪਛਾਣ ਵਾਇਨਾਡ ਦੇ ਮਡੱਕਮਾਲਾ ਨਿਵਾਸੀ 21 ਸਾਲਾ ਦੇਵਿਕਾ, ਪਲੱਕੜ ਨਿਵਾਸੀ 22 ਸਾਲਾ ਗੋਪਿਕਾ ਅਤੇ ਕਰਨਾਟਕ ਦੇ ਮੰਗਲੁਰੂ ਨਿਵਾਸੀ 21 ਸਾਲਾ ਇਜਾਜ਼ ਵਜੋਂ ਹੋਈ ਹੈ। ਤਿੰਨੋਂ ਕੱਕਨਡ ਵਿੱਚ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦੇ ਸਨ ਅਤੇ ਚਾਹ ਪੀਣ ਲਈ ਏਅਰਪੋਰਟ ਖੇਤਰ ਵੱਲ ਜਾ ਰਹੇ ਸਨ, ਜਦੋਂ ਇਹ ਹਾਦਸਾ ਵਾਪਰਿਆ। ਗੋਪਿਕਾ ਅਤੇ ਦੇਵਿਕਾ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਏਜਾਜ਼ ਨੂੰ ਹਸਪਤਾਲ ਲਿਜਾਇਆ ਗਿਆ ਪਰ ਬਚਾਇਆ ਨਹੀਂ ਜਾ ਸਕਿਆ। ਵਧਦੇ ਗੁੱਸੇ ਦੇ ਵਿਚਕਾਰ, ਕੁਝ ਵੀਡੀਓਜ਼ ਵੀ ਸਾਹਮਣੇ ਆਈਆਂ ਹਨ, ਜਿਸ ਵਿੱਚ ਨੌਜਵਾਨਾਂ ਦਾ ਇੱਕ ਸਮੂਹ ਸੁਹੇਲ ਦੀ ਕੁੱਟਮਾਰ ਕਰਦਾ ਦਿਖਾਈ ਦੇ ਰਿਹਾ ਹੈ ਜਦੋਂ ਉਸਨੂੰ ਮੈਡੀਕਲ ਜਾਂਚ ਲਈ ਲਿਜਾਇਆ ਜਾ ਰਿਹਾ ਸੀ।
ਕੇਰਲ ਦੇ ਆਬਕਾਰੀ ਮੰਤਰੀ ਐਮ. ਲੀਜੂ ਨੇ ਹਾਦਸੇ ਤੋਂ ਪਹਿਲਾਂ 19 ਸਾਲਾ ਲੜਕੇ ਨੂੰ ਸ਼ਰਾਬ ਪਰੋਸਣ ਵਾਲੇ ਬਾਰਾਂ ਖ਼ਿਲਾਫ਼ ਕਾਰਵਾਈ ਦੇ ਹੁਕਮ ਦਿੱਤੇ ਹਨ। ਮੰਤਰੀ ਨੇ ਐਰਨਾਕੁਲਮ ਦੇ ਆਬਕਾਰੀ ਕਮਿਸ਼ਨਰ ਅਤੇ ਸੰਯੁਕਤ ਆਬਕਾਰੀ ਕਮਿਸ਼ਨਰ ਨੂੰ ਉਨ੍ਹਾਂ ਥਾਵਾਂ ਦੀ ਪਛਾਣ ਕਰਨ ਲਈ ਕਿਹਾ ਹੈ ਜਿੱਥੇ ਮੁਲਜ਼ਮਾਂ ਨੂੰ ਸ਼ਰਾਬ ਦਿੱਤੀ ਜਾਂਦੀ ਸੀ ਅਤੇ ਉਨ੍ਹਾਂ ਵਿਰੁੱਧ ਤੁਰੰਤ ਕੇਸ ਦਰਜ ਕੀਤਾ ਜਾਂਦਾ ਹੈ। ਲਾਸ਼ਾਂ ਨੂੰ ਹਸਪਤਾਲ ਭੇਜ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।










