ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ , 9 ਅਕਤੂਬਰ 2026 ਨੂੰ ਸ਼ਾਮ ਲਗਭਗ 4:30 ਵਜੇ ਨਵੀਂ ਦਿੱਲੀ ਦੇ ਸੁਸ਼ਮਾ ਸਵਰਾਜ ਭਵਨ ਵਿੱਚ ਮਹਿਲਾ ਅਤੇ ਬਾਲ ਵਿਕਾਸ ’ਤੇ ਵਿਭਾਗੀ ਸਿਖਰ ਸੰਮੇਲਨ ਦੇ ਸਮਾਪਨ ਸੈਸ਼ਨ ਵਿੱਚ ਹਿੱਸਾ ਲੈਣਗੇ। ਉਹ ਇਸ ਮੌਕੇ ਮੌਜੂਦ ਇਕੱਠ ਨੂੰ ਸੰਬੋਧਨ ਵੀ ਕਰਨਗੇ।
8-9 ਅਕਤੂਬਰ 2026 ਨੂੰ ਆਯੋਜਿਤ ਹੋਣ ਵਾਲੇ ਦੋ ਦਿਨਾਂ ਵਿਭਾਗੀ ਸਿਖਰ ਸੰਮੇਲਨ ਵਿੱਚ ਸਾਰੇ ਰਾਜਾਂ ਦੀ ਰਾਜਨੀਤਕ ਅਗਵਾਈ ਅਤੇ ਮਹਿਲਾ ਅਤੇ ਬਾਲ ਵਿਕਾਸ ਖੇਤਰ ਨਾਲ ਜੁੜੇ ਅਧਿਕਾਰੀਆਂ ਦੀ ਭਾਗੀਦਾਰੀ ਹੋਵੇਗੀ। ਇਹ ਪ੍ਰਧਾਨ ਮੰਤਰੀ ਵੱਲੋਂ ਸਹਿਕਾਰੀ ਸੰਘਵਾਦ ਨੂੰ ਮਜ਼ਬੂਤ ਕਰਨ, ਰਾਸ਼ਟਰੀ ਤਰਜੀਹਾਂ ਦੀ ਸਮੂਹਿਕ ਮਲਕੀਅਤ ਨੂੰ ਉਤਸ਼ਾਹਿਤ ਕਰਨ ਅਤੇ ਕੇਂਦਰ-ਰਾਜ ਦੇ ਨਜ਼ਦੀਕੀ ਸਹਿਯੋਗ ਰਾਹੀਂ ਨਤੀਜਿਆਂ ਵਿੱਚ ਤੇਜ਼ੀ ਲਿਆਉਣ ਲਈ ਉਲੀਕੀ ਗਈ ਵਿਭਾਗੀ ਸਿਖਰ ਸੰਮੇਲਨਾਂ ਦੀ ਲੜੀ ਵਿੱਚ ਦੂਜਾ ਸਿਖਰ ਸੰਮੇਲਨ ਹੈ।
ਸਿਖਰ ਸੰਮੇਲਨ ਚਾਰ ਮੁੱਖ ਵਿਸ਼ਿਆਂ ’ਤੇ ਕੇਂਦ੍ਰਿਤ ਹੋਵੇਗਾ:
-
ਬਿਹਤਰ ਪੋਸ਼ਣ ਅਤੇ ਮੁੱਢਲੀ ਸਿੱਖਿਆ ਲਈ ਆਂਗਣਵਾੜੀ ਕੇਂਦਰਾਂ ਦੀ ਮੁੜ-ਕਲਪਨਾ ਕਰਨਾ
-
ਕਮਜ਼ੋਰ ਬੱਚਿਆਂ ਲਈ ਸੁਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨਾ
-
ਸੰਸਥਾਗਤ ਅਤੇ ਵਿਧਾਨਿਕ ਢਾਂਚਿਆਂ ਦੇ ਪ੍ਰਭਾਵੀ ਲਾਗੂਕਰਨ ਰਾਹੀਂ ਮਹਿਲਾਵਾਂ ਦੀ ਸੁਰੱਖਿਆ
-
ਪ੍ਰਮੁੱਖ ਯੋਜਨਾਵਾਂ ਦੀ ਪ੍ਰਭਾਵਸ਼ੀਲਤਾ ਅਤੇ ਨਤੀਜਿਆਂ ਨੂੰ ਵਧਾ ਕੇ ਮਹਿਲਾਵਾਂ ਦਾ ਸਸ਼ਕਤੀਕਰਨ ਕਰਨਾ
ਵਿਭਾਗੀ ਸਿਖਰ ਸੰਮੇਲਨ ਮਾਡਲ ਕੇਂਦਰ ਅਤੇ ਰਾਜ ਸਰਕਾਰਾਂ ਦੇ ਹਿੱਸੇਦਾਰਾਂ ਨੂੰ ਇਕੱਠੇ ਲਿਆਉਂਦਾ ਹੈ ਤਾਂ ਜੋ ਉਹ ਖੇਤਰ-ਵਾਰ ਤਰਜੀਹਾਂ ’ਤੇ ਵਿਚਾਰ-ਵਟਾਂਦਰਾ ਕਰ ਸਕਣ, ਚੰਗੀਆਂ ਕਾਰਜ-ਪ੍ਰਣਾਲੀਆਂ ਨੂੰ ਸਾਂਝਾ ਕਰ ਸਕਣ, ਲਾਗੂਕਰਨ ਸੰਬੰਧੀ ਚੁਣੌਤੀਆਂ ਦਾ ਹੱਲ ਕਰ ਸਕਣ ਅਤੇ ਬਿਹਤਰ ਸ਼ਾਸਨ ਤੇ ਸੇਵਾ ਵੰਡ ਲਈ ਸਮਾਂਬੱਧ ਕਾਰਜਾਂ ’ਤੇ ਸਹਿਮਤ ਹੋ ਸਕਣ।










