Lifestyle: ਰਿਸ਼ਤਿਆਂ ਬਾਰੇ ਗੱਲ ਕਰਦੇ ਸਮੇਂ ਅਕਸਰ ਰੈੱਡ ਫਲੈਗ ਯਾਨੀ ਅਜਿਹੀਆਂ ਆਦਤਾਂ ’ਤੇ ਚਰਚਾ ਹੁੰਦੀ ਹੈ, ਜੋ ਰਿਸ਼ਤੇ ਲਈ ਨੁਕਸਾਨਦੇਹ ਹੋ ਸਕਦੀਆਂ ਹਨ। ਪਰ ਕਿਸੇ ਵੀ ਰਿਸ਼ਤੇ ਨੂੰ ਸਮਝਣ ਲਈ ਸਿਰਫ਼ ਕਮੀਆਂ ’ਤੇ ਧਿਆਨ ਦੇਣਾ ਹੀ ਕਾਫ਼ੀ ਨਹੀਂ। ਪਾਰਟਨਰ ਦੀਆਂ ਚੰਗੀਆਂ ਆਦਤਾਂ ਅਤੇ ਉਸ ਵੱਲੋਂ ਦਿੱਤਾ ਜਾਣ ਵਾਲਾ ਸਤਿਕਾਰ ਵੀ ਉਨਾ ਹੀ ਮਹੱਤਵਪੂਰਨ ਹੈ।
ਇੱਕ ਸਿਹਤਮੰਦ ਰਿਸ਼ਤੇ ਵਿੱਚ ਦੋਵੇਂ ਲੋਕਾਂ ਨੂੰ ਆਪਣੀ ਗੱਲ ਰੱਖਣ, ਨਿੱਜੀ ਸਮਾਂ ਦੇਣ ਅਤੇ ਇੱਕ-ਦੂਜੇ ਦੇ ਸੁਪਨਿਆਂ ਨੂੰ ਸਮਝਣ ਦੀ ਆਜ਼ਾਦੀ ਹੁੰਦੀ ਹੈ। ਆਓ ਜਾਣਦੇ ਹਾਂ ਕੁਝ ਅਜਿਹੇ ਗ੍ਰੀਨ ਫਲੈਗ, ਜੋ ਰਿਸ਼ਤੇ ਵਿੱਚ ਸਕਾਰਾਤਮਕ ਮਾਹੌਲ ਦੀ ਨਿਸ਼ਾਨੀ ਹੋ ਸਕਦੇ ਹਨ।
ਤੁਹਾਡੀ ਗੱਲ ਧਿਆਨ ਨਾਲ ਸੁਣਨਾ
ਚੰਗੇ ਰਿਸ਼ਤੇ ਵਿੱਚ ਸਿਰਫ਼ ਆਪਣੀ ਗੱਲ ਕਹਿਣਾ ਹੀ ਨਹੀਂ, ਸਗੋਂ ਸਾਹਮਣੇ ਵਾਲੇ ਦੀ ਗੱਲ ਸੁਣਨਾ ਵੀ ਜ਼ਰੂਰੀ ਹੈ। ਜੇ ਪਾਰਟਨਰ ਤੁਹਾਡੀ ਗੱਲ ਧਿਆਨ ਨਾਲ ਸੁਣਦਾ ਹੈ, ਤੁਹਾਡੀਆਂ ਭਾਵਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ ਅਤੇ ਤੁਹਾਡੀ ਗੱਲ ਦਾ ਮਜ਼ਾਕ ਨਹੀਂ ਬਣਾਉਂਦਾ ਤਾਂ ਇਹ ਰਿਸ਼ਤੇ ਦੀ ਇੱਕ ਸਕਾਰਾਤਮਕ ਨਿਸ਼ਾਨੀ ਹੈ।
ਮਤਭੇਦਾਂ ਨੂੰ ਸ਼ਾਂਤੀ ਨਾਲ ਹੱਲ ਕਰਨਾ
ਹਰ ਰਿਸ਼ਤੇ ਵਿੱਚ ਵਿਚਾਰਾਂ ਦਾ ਅੰਤਰ ਹੋ ਸਕਦਾ ਹੈ। ਮਹੱਤਵਪੂਰਨ ਇਹ ਹੈ ਕਿ ਮਤਭੇਦਾਂ ਨੂੰ ਕਿਵੇਂ ਸੁਲਝਾਇਆ ਜਾਂਦਾ ਹੈ। ਜੇ ਪਾਰਟਨਰ ਗੁੱਸੇ ਵਿੱਚ ਚੀਕਣ, ਬੇਇੱਜ਼ਤੀ ਕਰਨ ਜਾਂ ਨਿੱਜੀ ਹਮਲੇ ਕਰਨ ਦੀ ਬਜਾਏ ਸ਼ਾਂਤੀ ਨਾਲ ਗੱਲ ਕਰਕੇ ਸਮੱਸਿਆ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇਹ ਇੱਕ ਚੰਗਾ ਸੰਕੇਤ ਹੈ।
ਨਿੱਜੀ ਸਪੇਸ ਦਾ ਸਤਿਕਾਰ
ਰਿਸ਼ਤੇ ਵਿੱਚ ਹੋਣ ਦਾ ਮਤਲਬ ਇਹ ਨਹੀਂ ਕਿ ਦੋਵੇਂ ਲੋਕ ਆਪਣੀ ਨਿੱਜੀ ਜ਼ਿੰਦਗੀ ਜਾਂ ਸਮਾਂ ਖਤਮ ਕਰ ਦੇਣ। ਸਿਹਤਮੰਦ ਰਿਸ਼ਤੇ ਵਿੱਚ ਪਾਰਟਨਰ ਇੱਕ-ਦੂਜੇ ਦੀਆਂ ਹੱਦਾਂ ਅਤੇ ਨਿੱਜੀ ਸਮੇਂ ਦਾ ਸਤਿਕਾਰ ਕਰਦੇ ਹਨ। ਪੜ੍ਹਾਈ, ਕੰਮ, ਦੋਸਤਾਂ ਜਾਂ ਆਪਣੀਆਂ ਪਸੰਦਾਂ ਲਈ ਸਮਾਂ ਦੇਣਾ ਵੀ ਰਿਸ਼ਤੇ ਦਾ ਆਮ ਹਿੱਸਾ ਹੈ।
ਤੁਹਾਡੀ ਕਾਮਯਾਬੀ ’ਤੇ ਖੁਸ਼ ਹੋਣਾ
ਇੱਕ ਚੰਗਾ ਪਾਰਟਨਰ ਤੁਹਾਡੀਆਂ ਉਪਲਬਧੀਆਂ ਨੂੰ ਲੈ ਕੇ ਖੁਸ਼ ਹੁੰਦਾ ਹੈ ਅਤੇ ਤੁਹਾਨੂੰ ਅੱਗੇ ਵਧਣ ਲਈ ਹੌਸਲਾ ਦਿੰਦਾ ਹੈ। ਜੇ ਉਹ ਤੁਹਾਡੇ ਸੁਪਨਿਆਂ ਅਤੇ ਟੀਚਿਆਂ ਨੂੰ ਸਮਝਦਾ ਹੈ ਅਤੇ ਮੁਸ਼ਕਲ ਸਮੇਂ ਵਿੱਚ ਵੀ ਤੁਹਾਡਾ ਸਾਥ ਦਿੰਦਾ ਹੈ ਤਾਂ ਇਹ ਰਿਸ਼ਤੇ ਵਿੱਚ ਆਪਸੀ ਸਹਿਯੋਗ ਅਤੇ ਸਤਿਕਾਰ ਦੀ ਨਿਸ਼ਾਨੀ ਹੋ ਸਕਦੀ ਹੈ।
ਸਿਰਫ਼ ਕਮੀਆਂ ਨਹੀਂ, ਚੰਗੀਆਂ ਗੱਲਾਂ ਦੀ ਵੀ ਕਦਰ ਕਰੋ
ਕਿਸੇ ਵੀ ਰਿਸ਼ਤੇ ਵਿੱਚ ਛੋਟੀਆਂ-ਮੋਟੀਆਂ ਕਮੀਆਂ ਹੋ ਸਕਦੀਆਂ ਹਨ। ਇਸ ਲਈ ਸਿਰਫ਼ ਨਕਾਰਾਤਮਕ ਗੱਲਾਂ ’ਤੇ ਧਿਆਨ ਦੇਣ ਦੀ ਬਜਾਏ ਪਾਰਟਨਰ ਦੀਆਂ ਚੰਗੀਆਂ ਆਦਤਾਂ ਅਤੇ ਉਸ ਵੱਲੋਂ ਕੀਤੇ ਜਾਂਦੇ ਸਤਿਕਾਰ ਦੀ ਵੀ ਕਦਰ ਕਰਨੀ ਚਾਹੀਦੀ ਹੈ। ਆਪਸੀ ਭਰੋਸਾ, ਖੁੱਲ੍ਹੀ ਗੱਲਬਾਤ ਅਤੇ ਨਿੱਜੀ ਹੱਦਾਂ ਦਾ ਸਤਿਕਾਰ ਕਿਸੇ ਵੀ ਸਿਹਤਮੰਦ ਰਿਸ਼ਤੇ ਦੀ ਬੁਨਿਆਦ ਬਣ ਸਕਦੇ ਹਨ।












