ਜੈਪੁਰ: ਰਾਜਸਥਾਨ ਸਰਕਾਰ ਵੱਲੋਂ ਸਾਲ 2027-28 ਲਈ ਸੂਬੇ ਦਾ ਪਹਿਲਾ ਵੱਖਰਾ ਯੂਥ ਬਜਟ ਤਿਆਰ ਕੀਤਾ ਜਾ ਰਿਹਾ ਹੈ। ਇਸ ਲਈ ਸਰਕਾਰ ਨੇ ਸਿੱਧੇ ਤੌਰ ’ਤੇ ਨੌਜਵਾਨਾਂ ਤੋਂ ਸੁਝਾਅ ਮੰਗਣੇ ਸ਼ੁਰੂ ਕਰ ਦਿੱਤੇ ਹਨ। ਰਾਜ ਦੇ ਵਿੱਤ ਵਿਭਾਗ ਦੀ ਅਧਿਕਾਰਤ ਵੈੱਬਸਾਈਟ ’ਤੇ ਯੂਥ ਬਜਟ ਲਈ ਸੁਝਾਅ ਦੇਣ ਦੀ ਵਿਵਸਥਾ ਕੀਤੀ ਗਈ ਹੈ।
ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ 17 ਸਤੰਬਰ ਨੂੰ ਜੈਪੁਰ ਸਥਿਤ ਮੁੱਖ ਮੰਤਰੀ ਨਿਵਾਸ ’ਤੇ ਨੌਜਵਾਨਾਂ ਨਾਲ ਯੂਥ ਬਜਟ ਸਬੰਧੀ ਸੰਵਾਦ ਕੀਤਾ। ਇਸ ਦੌਰਾਨ ਨੌਜਵਾਨਾਂ ਨੇ ਰੋਜ਼ਗਾਰ, ਸਿੱਖਿਆ ਅਤੇ ਤਕਨੀਕੀ ਗਿਆਨ, ਹੁਨਰ ਵਿਕਾਸ, ਯੂਥ ਵੈਲਫੇਅਰ ਅਤੇ ਨੌਜਵਾਨਾਂ ਦੇ ਸਰਵਪੱਖੀ ਵਿਕਾਸ ਨਾਲ ਜੁੜੇ ਸੁਝਾਅ ਸਾਂਝੇ ਕੀਤੇ।
ਸਰਕਾਰ ਮੁਤਾਬਕ ਯੂਥ ਬਜਟ ਦਾ ਉਦੇਸ਼ ਨੌਜਵਾਨਾਂ ਦੀਆਂ ਉਮੀਦਾਂ ਅਤੇ ਆਕਾਂਖਾਵਾਂ ਨੂੰ ਬਜਟ ਯੋਜਨਾਵਾਂ ਵਿੱਚ ਸ਼ਾਮਲ ਕਰਨਾ ਅਤੇ ਉਨ੍ਹਾਂ ਦੀ ਸਮਰੱਥਾ ਵਧਾਉਣ ਨਾਲ ਸਬੰਧਤ ਗਤੀਵਿਧੀਆਂ ਨੂੰ ਵਿੱਤੀ ਸਹਾਇਤਾ ਦੇਣਾ ਹੈ। ਵਿੱਤ ਵਿਭਾਗ ਵੱਲੋਂ ਜਾਰੀ ਪੋਰਟਲ ’ਤੇ ਨੌਜਵਾਨ ਆਪਣੇ ਸੁਝਾਅ ਹਿੰਦੀ ਜਾਂ ਅੰਗਰੇਜ਼ੀ ਵਿੱਚ ਦਰਜ ਕਰ ਸਕਦੇ ਹਨ।
ਮੁੱਖ ਮੰਤਰੀ ਨੇ ਇਸ ਦੌਰਾਨ ਕਿਹਾ ਕਿ ਨੌਜਵਾਨਾਂ ਲਈ ਪੰਚਾਇਤ ਪੱਧਰ ’ਤੇ ਅਟਲ ਗਿਆਨ ਕੇਂਦਰਾਂ ਰਾਹੀਂ ਈ-ਲਾਇਬ੍ਰੇਰੀ ਦੀ ਸਹੂਲਤ ਉਪਲਬਧ ਕਰਵਾਈ ਜਾ ਰਹੀ ਹੈ। ਉਨ੍ਹਾਂ ਮੁਤਾਬਕ ਨੌਜਵਾਨਾਂ ਨੂੰ ਵਿਦੇਸ਼ੀ ਭਾਸ਼ਾਵਾਂ ਸਿੱਖਣ ਦੇ ਮੌਕੇ ਦੇਣ ਲਈ ਵੀ ਸਮਝੌਤੇ ਕੀਤੇ ਗਏ ਹਨ। ਹੁਣ ਯੂਥ ਬਜਟ ਵਿੱਚ ਨੌਜਵਾਨਾਂ ਤੋਂ ਮਿਲਣ ਵਾਲੇ ਸੁਝਾਵਾਂ ਨੂੰ ਸ਼ਾਮਲ ਕਰਨ ਦੀ ਪ੍ਰਕਿਰਿਆ ਅੱਗੇ ਵਧੇਗੀ।










