ਕੈਨਬਰਾ: ਆਸਟ੍ਰੇਲੀਆ ਦੀ ਸਰਕਾਰ ਅਜਿਹੇ ਨਵੇਂ ਕਾਨੂੰਨ ਲਿਆਉਣ ਜਾ ਰਹੀ ਹੈ, ਜਿਨ੍ਹਾਂ ਤਹਿਤ ਸੋਸ਼ਲ ਮੀਡੀਆ ‘ਤੇ ਕੀ ਦਿਖੇਗਾ, ਇਸ ਦਾ ਫੈਸਲਾ ਹੁਣ ਸਿਰਫ਼ ਪਲੇਟਫਾਰਮ ਦਾ Algorithm ਨਹੀਂ ਕਰੇਗਾ। ਯੂਜ਼ਰਾਂ ਨੂੰ ਇਹ ਚੁਣਨ ਦਾ ਅਧਿਕਾਰ ਮਿਲੇਗਾ ਕਿ ਉਹ Algorithm ਵੱਲੋਂ ਚੁਣਿਆ ਗਿਆ ਕੰਟੈਂਟ ਦੇਖਣਾ ਚਾਹੁੰਦੇ ਹਨ ਜਾਂ ਸਿਰਫ਼ ਉਨ੍ਹਾਂ ਅਕਾਊਂਟਾਂ ਦੀਆਂ ਪੋਸਟਾਂ, ਜਿਨ੍ਹਾਂ ਨੂੰ ਉਹ ਖੁਦ ਫਾਲੋ ਕਰਦੇ ਹਨ। ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਅੱਜ ਸੰਸਦ ਭਵਨ ਵਿੱਚ ਇਸ ਪ੍ਰਸਤਾਵਿਤ ਕਾਨੂੰਨ ਦਾ ਐਲਾਨ ਕੀਤਾ। ਸਰਕਾਰ ਦਾ ਕਹਿਣਾ ਹੈ ਕਿ ਇਸ ਦਾ ਮਕਸਦ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਵਾਲਿਆਂ ਨੂੰ ਆਪਣੀ ਆਨਲਾਈਨ ਫੀਡ ‘ਤੇ ਵੱਧ ਕੰਟਰੋਲ ਦੇਣਾ ਹੈ।
ਪ੍ਰਸਤਾਵਿਤ ਡਿਜ਼ੀਟਲ ਡਿਊਟੀ ਆਫ ਕੇਅਰ ਕਾਨੂੰਨ ਤਹਿਤ 16 ਸਾਲ ਤੋਂ ਵੱਧ ਉਮਰ ਦੇ ਯੂਜ਼ਰ Algorithm ਆਧਾਰਿਤ ਫੀਡ ਨੂੰ ਆਸਾਨੀ ਨਾਲ ਬੰਦ ਜਾਂ ਚਾਲੂ ਕਰ ਸਕਣਗੇ। ਜੇਕਰ ਕੋਈ ਯੂਜ਼ਰ Algorithm ਤੋਂ ਬਾਹਰ ਨਿਕਲਣ ਦਾ ਵਿਕਲਪ ਚੁਣਦਾ ਹੈ ਤਾਂ ਉਸ ਨੂੰ ਮੁੱਖ ਤੌਰ ‘ਤੇ ਉਨ੍ਹਾਂ ਅਕਾਊਂਟਾਂ ਦਾ ਹੀ ਕੰਟੈਂਟ ਦਿਖਾਇਆ ਜਾਵੇਗਾ, ਜਿਨ੍ਹਾਂ ਨੂੰ ਉਹ ਫਾਲੋ ਕਰਦਾ ਹੈ। ਸਰਕਾਰ ਦਾ ਮੰਨਣਾ ਹੈ ਕਿ ਇਸ ਨਾਲ ਸੋਸ਼ਲ ਮੀਡੀਆ ਕੰਪਨੀਆਂ ਵੱਲੋਂ ਯੂਜ਼ਰ ਦੀ ਪਸੰਦ ਅਤੇ ਵਿਵਹਾਰ ਦੇ ਆਧਾਰ ‘ਤੇ ਕੰਟੈਂਟ ਨੂੰ ਲਗਾਤਾਰ ਅੱਗੇ ਵਧਾਉਣ ਦੀ ਵਿਵਸਥਾ ‘ਤੇ ਯੂਜ਼ਰਾਂ ਦਾ ਕੰਟਰੋਲ ਵਧੇਗਾ।
ਨਵੇਂ ਪ੍ਰਸਤਾਵ ਵਿੱਚ 18 ਸਾਲ ਤੋਂ ਘੱਟ ਉਮਰ ਦੇ ਯੂਜ਼ਰਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਪਲੇਟਫਾਰਮਾਂ ‘ਤੇ ਵੱਧ ਜ਼ਿੰਮੇਵਾਰੀ ਪਾਉਣ ਦੀ ਗੱਲ ਕੀਤੀ ਗਈ ਹੈ। ਸਰਕਾਰ ਮੁਤਾਬਕ ਸੋਸ਼ਲ ਮੀਡੀਆ ਕੰਪਨੀਆਂ ਨੂੰ ਅਜਿਹੇ ਕੰਟੈਂਟ ਤੋਂ ਬੱਚਿਆਂ ਨੂੰ ਬਚਾਉਣ ਲਈ ਕਦਮ ਚੁੱਕਣੇ ਹੋਣਗੇ, ਜੋ ਈਟਿੰਗ ਡਿਸਆਰਡਰ, ਔਰਤਾਂ ਖ਼ਿਲਾਫ਼ ਨਫ਼ਰਤ ਜਾਂ ਅਪਰਾਧ ਨੂੰ ਉਤਸ਼ਾਹਿਤ ਕਰਨ ਅਤੇ ਉਸ ਦਾ ਮਹਿਮਾਮੰਡਨ ਕਰਨ ਨਾਲ ਸਬੰਧਤ ਹੋਵੇ।
ਆਸਟ੍ਰੇਲੀਆ ਦੀ ਸੰਚਾਰ ਮੰਤਰੀ ਅਨਿਕਾ ਵੇਲਜ਼ ਨੇ ਕਿਹਾ ਕਿ ਟੈਕ ਕੰਪਨੀਆਂ ਨੂੰ ਆਪਣੇ ਪਲੇਟਫਾਰਮਾਂ ਤੋਂ ਹੋਣ ਵਾਲੇ ਨੁਕਸਾਨ ਦੀ ਜ਼ਿੰਮੇਵਾਰੀ ਲੈਣੀ ਹੋਵੇਗੀ। ਉਨ੍ਹਾਂ ਵੱਡੀਆਂ ਟੈਕ ਕੰਪਨੀਆਂ ‘ਤੇ ਲੰਬੇ ਸਮੇਂ ਤੱਕ ਢੁੱਕਵੇਂ ਨਿਯਮਾਂ ਤੋਂ ਬਿਨਾਂ ਸੋਸ਼ਲ ਮੀਡੀਆ ਪਲੇਟਫਾਰਮ ਚਲਾਉਣ ਦਾ ਦੋਸ਼ ਲਗਾਇਆ। ਪ੍ਰਸਤਾਵਿਤ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਸੋਸ਼ਲ ਮੀਡੀਆ ਕੰਪਨੀਆਂ ‘ਤੇ 10 ਕਰੋੜ ਆਸਟ੍ਰੇਲੀਆਈ ਡਾਲਰ ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ। ਇਹ ਰਕਮ ਕਰੀਬ 7.2 ਕਰੋੜ ਅਮਰੀਕੀ ਡਾਲਰ ਦੇ ਬਰਾਬਰ ਦੱਸੀ ਗਈ ਹੈ। ਪ੍ਰਧਾਨ ਮੰਤਰੀ ਅਲਬਨੀਜ਼ ਨੇ ਕਿਹਾ ਕਿ ਸਰਕਾਰ ਦਾ ਮਕਸਦ ਇੰਟਰਨੈੱਟ ‘ਤੇ ਲੋਕਾਂ ਦੀ ਪਸੰਦ ਖੋਹਣਾ ਨਹੀਂ, ਸਗੋਂ ਉਨ੍ਹਾਂ ਨੂੰ ਆਪਣੀ ਪਸੰਦ ਤੈਅ ਕਰਨ ਦੀ ਤਾਕਤ ਦੇਣਾ ਹੈ।
ਦੱਸ ਦੇਈਏ ਕਿ ਆਸਟ੍ਰੇਲੀਆ ਪਹਿਲਾਂ ਹੀ ਬੱਚਿਆਂ ਦੇ ਸੋਸ਼ਲ ਮੀਡੀਆ ਦੀ ਵਰਤੋਂ ਨੂੰ ਲੈ ਕੇ ਦੁਨੀਆ ਦੇ ਸਭ ਤੋਂ ਸਖ਼ਤ ਕਦਮਾਂ ਵਿੱਚੋਂ ਇੱਕ ਚੁੱਕ ਚੁੱਕਾ ਹੈ। ਅਲਬਨੀਜ਼ ਸਰਕਾਰ ਨੇ 2024 ਵਿੱਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ‘ਤੇ ਪਾਬੰਦੀ ਵਾਲਾ ਕਾਨੂੰਨ ਪਾਸ ਕੀਤਾ ਸੀ, ਜੋ ਦਸੰਬਰ 2025 ਤੋਂ ਲਾਗੂ ਹੋਇਆ। ਹੁਣ ਸਰਕਾਰ ਇਸੇ ਨੀਤੀ ਨੂੰ ਅੱਗੇ ਵਧਾਉਂਦੇ ਹੋਏ ਸੋਸ਼ਲ ਮੀਡੀਆ ਦੇ Algorithm ਅਤੇ ਯੂਜ਼ਰ ਸੁਰੱਖਿਆ ਨੂੰ ਲੈ ਕੇ ਵੀ ਕੰਪਨੀਆਂ ਦੀ ਜਵਾਬਦੇਹੀ ਵਧਾਉਣ ਦੀ ਤਿਆਰੀ ਕਰ ਰਹੀ ਹੈ। ਜੂਨ ਵਿੱਚ ਸਰਕਾਰ ਨੇ ਇਹ ਵੀ ਕਿਹਾ ਸੀ ਕਿ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨਾਲ ਸਬੰਧਤ ਘੱਟੋ-ਘੱਟ ਉਮਰ ਨਿਯਮਾਂ ਦੀ ਉਲੰਘਣਾ ਕਰਨ ‘ਤੇ ਵੱਧ ਤੋਂ ਵੱਧ ਜੁਰਮਾਨੇ ਨੂੰ ਵਧਾ ਕੇ 9.9 ਕਰੋੜ ਆਸਟ੍ਰੇਲੀਆਈ ਡਾਲਰ ਕੀਤਾ ਜਾਵੇਗਾ।












