ਕਾਜ਼ੀਗੁੰਡ : ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਦੇ ਕਾਜ਼ੀਗੁੰਡ ਖੇਤਰ ਦੇ ਲੇਵਾਡੋਰਾ ‘ਚ ਅੱਜ ਸੀ.ਆਰ.ਪੀ.ਐੱਫ. ਦੇ ਬੰਕਰ ਵਾਹਨ ਨਾਲ ਟਰੱਕ ਦੀ ਟੱਕਰ ‘ਚ ਸੀ.ਆਰ.ਪੀ.ਐੱਫ. ਦੇ ਘੱਟੋ-ਘੱਟ ਪੰਜ ਜਵਾਨ ਜ਼ਖ਼ਮੀ ਹੋ ਗਏ।
ਇਕ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਕਾਜ਼ੀਗੁੰਡ ਦੇ ਲੇਵਾਡੋਰਾ ‘ਚ ਹੋਇਆ। ਇਸ ਵਿੱਚ ਟਰੱਕ ਨੰਬਰ JK02DU-4386 ਅਤੇ CRPF ਬੰਕਰ ਗੱਡੀ ਨੰਬਰ JK02CG-5795 ਸ਼ਾਮਲ ਸਨ। ਟੱਕਰ ਤੋਂ ਬਾਅਦ ਸੀ.ਆਰ.ਪੀ.ਐਫ. ਦੀ ਬੰਕਰ ਗੱਡੀ ਪਲਟ ਗਈ, ਜਿਸ ਕਾਰਨ 5 ਜਵਾਨਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਉਨ੍ਹਾਂ ਨੂੰ ਇਲਾਜ ਲਈ ਕਾਜ਼ੀਗੁੰਡ ਵਿੱਚ ਸੀ.ਆਰ.ਪੀ.ਐਫ. ਦੀ 163 ਬਟਾਲੀਅਨ ਦੇ ਐਮ.ਆਈ ਕਮਰੇ ਵਿੱਚ ਲਿਜਾਇਆ ਗਿਆ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।











