ਜੰਮੂ-ਕਸ਼ਮੀਰ : ਜੰਮੂ-ਕਸ਼ਮੀਰ ਵਿੱਚ ਪਿਛਲੇ ਪੰਜ ਦਿਨਾਂ ਤੋਂ ਪੈ ਰਹੇ ਮੁਸਲਾਧਾਰ ਮੀਂਹ ਨੇ ਭਾਰੀਂ ਤਬਾਹੀ ਮਚਾਈ ਹੈ। ਲਗਾਤਾਰ ਪੈ ਰਹੇ ਮੀਂਹ ਅਤੇ ਜ਼ਮੀਨ ਖਿਸਕਣ ਦੇ ਕਾਰਨ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ (NH-44) ਲਗਾਤਾਰ ਦੂਜੇ ਦਿਨ ਵੀ ਆਵਾਜਾਈ ਦੇ ਲਈ ਪੂਰੀ ਤਰ੍ਹਾਂ ਬੰਦ ਹੈ। ਮੀਂਹ ਅਤੇ ਆਫ਼ਤ ਨਾਲ ਸਬੰਧਤ ਘਟਨਾਵਾਂ ਵਿੱਚ ਹੁਣ ਤੱਕ 23 ਲੋਕਾਂ ਦੀ ਜਾਨ ਜਾ ਚੁੱਕੀ ਹੈ, ਜਦੋਂ ਕਿ 7 ਲੋਕਾਂ ਦੇ ਲਾਪਤਾ ਦੱਸੇ ਜਾ ਰਹੇ ਹਨ।
ਕਸ਼ਮੀਰ ਵਾਦੀ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਨ ਵਾਲਾ ਇੱਕੋ-ਇੱਕ ਹਰ ਮੌਸਮ ਵਿੱਚ ਚੱਲਣ ਵਾਲਾ 250 ਕਿਲੋਮੀਟਰ ਲੰਬਾ ਹਾਈਵੇਅ ਊਧਮਪੁਰ ਵਿੱਚ ਜਖਾਨੀ ਅਤੇ ਰਾਮਬਨ ਵਿੱਚ ਬਨੀਹਾਲ ਦੇ ਵਿਚਕਾਰ ਘੱਟੋ-ਘੱਟ ਪੰਜ ਥਾਵਾਂ ‘ਤੇ ਸੜਕਾਂ ਧੱਸਣ ਅਤੇ ਮਲਬੇ ਕਾਰਨ ਬੰਦ ਹੋ ਗਿਆ ਹਨ।
600 ਤੋਂ ਵੱਧ ਵਾਹਨ ਫਸੇ
ਹਾਈਵੇਅ ਬੰਦ ਹੋਣ ਕਾਰਨ ਰਾਮਬਨ, ਨਗਰੋਟਾ, ਜੰਮੂ, ਊਧਮਪੁਰ, ਲਖਨਪੁਰ ਅਤੇ ਸਾਂਬਾ ਵਿੱਚ 600 ਤੋਂ ਵੱਧ ਵਾਹਨ ਫਸੇ ਹੋਏ ਹਨ। ਹਾਲਾਂਕਿ, ਪੁੰਛ ਨੂੰ ਕਸ਼ਮੀਰ ਨਾਲ ਜੋੜਨ ਵਾਲੀ ਮੁਗਲ ਰੋਡ ਅਤੇ ਲੱਦਾਖ ਨੂੰ ਜੋੜਨ ਵਾਲੀ ਸ੍ਰੀਨਗਰ-ਸੋਨਮਾਰਗ-ਗੁਮਰੀ (ਐਸਐਸਜੀ) ਰੋਡ ‘ਤੇ ਆਵਾਜਾਈ ਮੀਂਹ ਦੇ ਬਾਵਜੂਦ ਚਾਲੂ ਰਹੀ। ਪ੍ਰਸ਼ਾਸਨ ਅਤੇ ਪੁਲਿਸ ਨੇ ਸਲਾਹ ਜਾਰੀ ਕੀਤੀ ਹੈ, ਜਿਸ ਵਿੱਚ ਯਾਤਰੀਆਂ ਨੂੰ ਮੌਸਮ ਵਿੱਚ ਸੁਧਾਰ ਹੋਣ ਅਤੇ ਹਾਈਵੇਅ ਸਾਫ਼ ਹੋਣ ਤੱਕ ਯਾਤਰਾ ਨਾ ਕਰਨ ਦੀ ਸਖ਼ਤ ਸਲਾਹ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਡੋਡਾ-ਕਿਸ਼ਤਵਾੜ ਸੜਕ ਸਮੇਤ ਇੱਕ ਦਰਜਨ ਤੋਂ ਵੱਧ ਅੰਤਰ-ਜ਼ਿਲ੍ਹਾ ਸੜਕਾਂ ਵੀ ਜ਼ਮੀਨ ਖਿਸਕਣ ਕਾਰਨ ਬੰਦ ਹੋ ਗਈਆਂ ਹਨ।
ਨਦੀਆਂ ਦਾ ਪਾਣੀ ਤੇਜ਼, ਬਚਾਅ ਕਾਰਜ ਤੇਜ਼
ਮੀਂਹ ਦੇ ਕਾਰਨ, ਅਖਨੂਰ ਵਿੱਚ ਚਨਾਬ ਨਦੀ ਅਤੇ ਜੰਮੂ ਵਿੱਚ ਤਵੀ ਨਦੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀ ਹੈ। ਨੀਵੇਂ ਇਲਾਕਿਆਂ ਵਿੱਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ, ਜਿਸ ਨਾਲ ਬਹੁਤ ਸਾਰੇ ਘਰ ਅਤੇ ਦੁਕਾਨਾਂ ਡੁੱਬ ਗਈਆਂ ਹਨ। ਪੁੰਛ ਅਤੇ ਰਾਜੌਰੀ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਸੱਤ ਲਾਪਤਾ ਲੋਕਾਂ ਦੀ ਭਾਲ ਲਈ ਐਸ.ਡੀ.ਆਰ.ਐਫ., ਐਨ.ਡੀ.ਆਰ.ਐਫ., ਪੁਲਿਸ ਅਤੇ ਫੌਜ ਦੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।
ਅੰਕੜਿਆਂ ਦੇ ਅਨੁਸਾਰ, ਰਿਆਸੀ ਵਿੱਚ ਸਭ ਤੋਂ ਵੱਧ 119.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਕਟਰਾ ਵਿੱਚ ਵੀ 97.4 ਮਿਲੀਮੀਟਰ, ਰਾਮਬਨ ਵਿੱਚ 71.5 ਮਿਲੀਮੀਟਰ ਅਤੇ ਕਾਜ਼ੀਗੁੰਡ ਵਿੱਚ 73.3 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਪੱਛਮੀ ਗੜਬੜ ਦੇ ਪ੍ਰਭਾਵ ਕਾਰਨ ਇਸ ਖੇਤਰ ਵਿੱਚ ਮੀਂਹ ਜਾਰੀ ਰਹਿ ਸਕਦਾ ਹੈ, ਜਿਸ ਨਾਲ ਸਥਿਤੀ ਹੋਰ ਵੀ ਚੁਣੌਤੀਪੂਰਨ ਹੋ ਸਕਦੀ ਹੈ।












