ਨਵੀਂ ਦਿੱਲੀ: ਭਾਰਤੀ ਮੂਲ ਦੇ ਕਾਰੋਬਾਰੀ ਗੌਰਵ ਸ੍ਰੀਵਾਸਤਵ ਇੱਕ ਵਾਰ ਫਿਰ ਅੰਤਰਰਾਸ਼ਟਰੀ ਵਿਵਾਦਾਂ ਦੇ ਕੇਂਦਰ ਵਿੱਚ ਹਨ। ਅਮਰੀਕਾ ਵਿੱਚ ਪਹਿਲਾਂ ਤੋਂ ਧੋਖਾਧੜੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਗੌਰਵ ਸ਼੍ਰੀਵਾਸਤਵ ’ਤੇ ਹੁਣ ਇੰਡੋਨੇਸ਼ੀਆ ਵਿੱਚ ਵੀ ਇੱਕ ਵੱਡੇ ਵਿੱਤੀ ਘੁਟਾਲੇ ਦੇ ਦੋਸ਼ ਲੱਗੇ ਹਨ। ਮੀਡੀਆ ਰਿਪੋਰਟਾਂ ਮੁਤਾਬਕ, ਉਨ੍ਹਾਂ ਨੇ ਰੱਖਿਆ ਸੌਦਿਆਂ ਨਾਲ ਜੁੜੇ ਪ੍ਰਭਾਵਸ਼ਾਲੀ ਵਿਅਕਤੀ ਅਤੇ ਕਥਿਤ ਤੌਰ ’ਤੇ ਇੱਕ ਖੁਫੀਆ ਏਜੰਸੀ ਨਾਲ ਸੰਬੰਧਿਤ ਹੋਣ ਦਾ ਦਾਅਵਾ ਕਰਕੇ ਉੱਚ ਪੱਧਰੀ ਭਰੋਸਾ ਹਾਸਲ ਕੀਤਾ।
ਰਿਪੋਰਟਾਂ ਅਨੁਸਾਰ, ਇਹ ਮਾਮਲਾ ਉਸ ਸਮੇਂ ਨਾਲ ਜੁੜਿਆ ਹੈ ਜਦੋਂ ਪ੍ਰਾਬੋਵੋ ਸੁਬੀਆਂਤੋ ਇੰਡੋਨੇਸ਼ੀਆ ਦੇ ਰੱਖਿਆ ਮੰਤਰੀ ਸਨ। ਦੋਸ਼ ਹੈ ਕਿ ਗੌਰਵ ਸ਼੍ਰੀਵਾਸਤਵ ਨੇ ਆਪਣੇ ਪ੍ਰਭਾਵ ਅਤੇ ਸੰਪਰਕਾਂ ਦਾ ਹਵਾਲਾ ਦਿੰਦਿਆਂ ਰੱਖਿਆ ਖਰੀਦ ਪ੍ਰੋਜੈਕਟਾਂ ਵਿੱਚ ਸਹਾਇਤਾ ਕਰਨ ਦਾ ਭਰੋਸਾ ਦਿੱਤਾ ਅਤੇ ਇਸ ਆਧਾਰ ’ਤੇ ਵੱਡੀ ਰਕਮ ਹਾਸਲ ਕੀਤੀ।
ਜਾਂਚ ਨਾਲ ਜੁੜੀਆਂ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਗੌਰਵ ਨੇ 36 ਐਫ-15 ਲੜਾਕੂ ਜਹਾਜ਼ਾਂ, ਬਲੈਕ ਹਾਕ ਹੈਲੀਕਾਪਟਰਾਂ ਅਤੇ ਹੋਰ ਫੌਜੀ ਕਮਾਂਡ ਪ੍ਰਣਾਲੀਆਂ ਦੀ ਖਰੀਦ ਵਿੱਚ ਮਦਦ ਕਰਨ ਦੀ ਗੱਲ ਕਹੀ ਸੀ। ਇਹ ਵੀ ਦੋਸ਼ ਹੈ ਕਿ ਇਸ ਉਦੇਸ਼ ਲਈ ਵਰਤੀਆਂ ਗਈਆਂ ਕੁਝ ਕੰਪਨੀਆਂ ਅਸਲ ਕਾਰੋਬਾਰੀ ਗਤੀਵਿਧੀਆਂ ਤੋਂ ਬਿਨਾਂ ਸਿਰਫ਼ ਕਾਗਜ਼ੀ ਢਾਂਚੇ ਵਜੋਂ ਕੰਮ ਕਰ ਰਹੀਆਂ ਸਨ। ਜਾਂਚਕਰਤਾਵਾਂ ਦੇ ਅਨੁਸਾਰ, ਅਜਿਹੀਆਂ ਕਈ ਕੰਪਨੀਆਂ ਬਾਅਦ ਵਿੱਚ ਟੈਕਸ ਸਬੰਧੀ ਮਸਲਿਆਂ ਕਾਰਨ ਬੰਦ ਹੋ ਗਈਆਂ।
ਰਿਪੋਰਟਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ 2020 ਤੋਂ 2022 ਦੇ ਦਰਮਿਆਨ ਹੋਈ ਇਸ ਕਥਿਤ ਧੋਖਾਧੜੀ ਨਾਲ ਜੁੜੇ ਫੰਡਾਂ ਦੀ ਵਰਤੋਂ ਵਿਦੇਸ਼ਾਂ ਵਿੱਚ ਮਹਿੰਗੀਆਂ ਜਾਇਦਾਦਾਂ ਖਰੀਦਣ ਲਈ ਕੀਤੀ ਗਈ ਹੋ ਸਕਦੀ ਹੈ। ਇੱਕ ਦਾਅਵੇ ਅਨੁਸਾਰ, ਲਾਸ ਏਂਜਲਸ ਵਿੱਚ ਇੱਕ ਆਲੀਸ਼ਾਨ ਬੰਗਲਾ ਵੀ ਇਨ੍ਹਾਂ ਲੈਣ-ਦੇਣਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਅੰਤਰਰਾਸ਼ਟਰੀ ਰੱਖਿਆ ਸੌਦਿਆਂ ਦੀ ਪਾਰਦਰਸ਼ਤਾ ਅਤੇ ਨਿਗਰਾਨੀ ਪ੍ਰਣਾਲੀ ’ਤੇ ਵੀ ਸਵਾਲ ਉੱਠਣ ਲੱਗੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਅਰਬਾਂ ਰੁਪਏ ਦੇ ਰੱਖਿਆ ਸਮਝੌਤਿਆਂ ਵਿੱਚ ਸ਼ਾਮਲ ਧਿਰਾਂ ਦੀ ਪਿਛੋਕੜ ਅਤੇ ਯੋਗਤਾ ਦੀ ਡੂੰਘਾਈ ਨਾਲ ਜਾਂਚ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ।
ਫਿਲਹਾਲ ਇਸ ਮਾਮਲੇ ਵਿੱਚ ਵੱਖ-ਵੱਖ ਦੇਸ਼ਾਂ ਦੀਆਂ ਜਾਂਚ ਏਜੰਸੀਆਂ ਵੱਲੋਂ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰਤ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਇਹ ਸਪੱਸ਼ਟ ਹੋ ਸਕੇਗਾ ਕਿ ਲਗਾਏ ਗਏ ਦੋਸ਼ਾਂ ਵਿੱਚ ਕਿੰਨੀ ਸੱਚਾਈ ਹੈ ਅਤੇ ਅੱਗੇ ਕੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।












