ਫਾਜ਼ਿਲਕਾ: ਭਾਜਪਾ ਕੌਂਸਲਰ ਸਮੇਤ 4 ਲੋਕਾਂ ਖ਼ਿਲਾਫ਼ ਐਫ.ਆਈ.ਆਰ. ਦਰਜ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ ਫਾਜ਼ਿਲਕਾ ‘ਚ ਆਮ ਆਦਮੀ ਪਾਰਟੀ ਦੀ ਮਹਿਲਾ ਕੋਆਰਡੀਨੇਟਰ ‘ਤੇ ਕੁੱਟਮਾਰ ਦੇ ਗੰਭੀਰ ਦੋਸ਼ ਲੱਗੇ ਹਨ। ਸਿਟੀ ਪੁਲਿਸ ਨੇ ਕਾਰਵਾਈ ਕਰਦਿਆਂ ਭਾਜਪਾ ਦੇ ਵਾਰਡ ਨੰ. 9 ਕੌਂਸਲਰਾਂ ਸਮੇਤ 4 ਲੋਕਾਂ ਖ਼ਿਲਾਫ਼ ਐਫ.ਆਈ.ਆਰ. ਦਰਜ ਕੀਤੀ ਗਈ ਹੈ, ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਕੀ ਹੈ ਪੂਰਾ ਮਾਮਲਾ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਪਰਮਜੀਤ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਮੰਜੂ ਰਾਣੀ ਵਾਸੀ ਰਾਧਾ ਸੁਆਮੀ ਕਾਲੋਨੀ ਫਾਜ਼ਿਲਕਾ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰ ਲਿਆ ਹੈ। ਔਰਤ ਨੇ ਦੱਸਿਆ ਕਿ ਉਸ ਦੇ ਵਾਰਡ ਵਿੱਚ ਹਾਲ ਹੀ ਵਿੱਚ ਨਗਰ ਕੌਂਸਲ ਚੋਣਾਂ ਵਿੱਚ ਜਿੱਤੇ ਭਾਜਪਾ ਕੌਂਸਲਰ ਸੁਰੇਸ਼ ਕੁਮਾਰ ਪੈਸੇ ਲੈ ਕੇ ਮੁੱਖ ਮੰਤਰੀ ਮਾਂ-ਬੇਟੀ ਸਤਿਕਾਰ ਯੋਜਨਾ ਦੇ ਫਾਰਮ ਭਰ ਰਿਹਾ ਸੀ। ਔਰਤ ਨੇ ਦੱਸਿਆ ਕਿ ਇਸ ਦੀ ਸੂਚਨਾ ਮਿਲਦੇ ਹੀ ਉਹ ਆਪਣੇ ਭਰਾ ਨਾਲ ਕੌਂਸਲਰ ਦੇ ਦਫ਼ਤਰ ਪਹੁੰਚੀ। ਇਸ ਦੌਰਾਨ ਜਿਵੇਂ ਹੀ ਉਸ ਨੇ ਫਾਰਮ ਭਰਨ ਨੂੰ ਲੈ ਕੇ ਸਵਾਲ ਪੁੱਛਿਆ ਅਤੇ ਵੀਡੀਓ ਬਣਾਉਣ ਲੱਗੀ ਤਾਂ ਦੋਸ਼ੀ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।
ਦੱਸਿਆ ਜਾ ਰਿਹਾ ਹੈ ਕਿ ਔਰਤ ਮੰਜੂ ਰਾਣੀ ਅਤੇ ਉਸ ਦਾ ਭਰਾ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਫਾਜ਼ਲਿਕਾ ਦੇ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਰਮਨ ਕੁਮਾਰ ਪੁੱਤਰ ਸੁਰੇਸ਼ ਕੁਮਾਰ, ਸੁਰੇਸ਼ ਕੁਮਾਰ ਪੁੱਤਰ ਕੁੰਦਨ ਲਾਲ, ਸਾਜਨ ਪੁੱਤਰ ਪੱਪੂ ਵਾਸੀ ਰਾਧਾ ਸੁਆਮੀ ਕਲੋਨੀ ਫਾਜ਼ਿਲਕਾ ਅਤੇ ਇੱਕ ਅਣਪਛਾਤੀ ਔਰਤ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਜਾਰੀ ਹੈ, ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।












