ਜਲੰਧਰ: ਜਲੰਧਰ ਦੇ ਲੰਮਾ ਪਿੰਡ ਚੌਕ ਨੇੜੇ ਦੇਰ ਰਾਤ ਇੱਕ ਵੱਡਾ ਸੜਕ ਹਾਦਸਾ ਵਾਪਰਿਆ, ਜਿੱਥੇ ਫਲਾਈਓਵਰ ਦੇ ਉੱਪਰ ਖੜ੍ਹੇ ਇੱਕ ਖਰਾਬ ਟਰੱਕ ਵਿੱਚ ਤੇਜ਼ ਰਫ਼ਤਾਰ ਕਾਰ ਜਾ ਟਕਰਾਈ । ਹਾਦਸਾ ਇਨ੍ਹਾਂ ਜ਼ਬਰਦਸਤ ਸੀ ਕਿ ਕਾਰ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਹਾਦਸਾਗ੍ਰਸਤ ਹੋ ਗਿਆ ਅਤੇ ਵਾਹਨ ਦੇ ਪਰਖੱਚੇ ਉੱਡ ਗਏ । ਹਾਲਾਂਕਿ ਖੁਸ਼ਕਿਸਮਤੀ ਇਹ ਰਹੀ ਕਿ ਕਾਰ ਚਾਲਕ ਦੀ ਜਾਨ ਬਚ ਗਈ ਅਤੇ ਉਹ ਸੁਰੱਖਿਅਤ ਦੱਸਿਆ ਜਾ ਰਿਹਾ ਹੈ ।
ਰਿਪੋਰਟਾਂ ਅਨੁਸਾਰ, ਟਰੱਕ ਫਲਾਈਓਵਰ ਦੇ ਉੱਪਰ ਅਚਾਨਕ ਖਰਾਬ ਹੋ ਗਿਆ ਸੀ , ਜਿਸਦੇ ਬਾਅਦ ਚਾਲਕ ਨੇ ਟਰੱਕ ਨੂੰ ਸੜਕ ਕਿਨਾਰੇ ਖੜ੍ਹਾ ਕਰ ਦਿੱਤਾ । ਇਸੇ ਦੌਰਾਨ ਪਿੱਛੇ ਤੋਂ ਤੇਜ਼ ਰਫ਼ਤਾਰ ਨਾਲ ਆ ਰਹੀ ਇੱਕ ਕਾਰ ਸਿੱਧੇ ਟਰੱਕ ਨਾਲ ਜਾ ਟਕਰਾਈ । ਟੱਕਰ ਇੰਨੀ ਜ਼ਬਰਦਸਤ ਸੀ ਕਿ ਆਸ-ਪਾਸ ਮੌਜੂਦ ਲੋਕ ਵੀ ਮੌਕੇ ‘ਤੇ ਇਕੱਠੇ ਹੋ ਗਏ ।
ਚਸ਼ਮਦੀਦਾਂ ਦੇ ਅਨੁਸਾਰ, ਕਾਰ ਬਹੁਤ ਤੇਜ਼ ਰਫ਼ਤਾਰ ਨਾਲ ਚੱਲ ਰਹੀ ਸੀ ਅਤੇ ਡਰਾਈਵਰ ਨੇ ਗੱਡੀ ਦਾ ਕੰਟਰੋਲ ਗੁਆ ਦਿੱਤਾ। ਹਾਲਾਂਕਿ ਹਾਦਸੇ ਤੋਂ ਬਾਅਦ ਕਾਰ ਪੂਰੀ ਤਰ੍ਹਾਂ ਤਬਾਹ ਹੋ ਗਈ , ਪਰ ” ਜਾਕੇ ਰਾਖੇ ਸਾਈਆਂ ਮਾਰ ਸਕੇ ਨਾ ਕੋਈ” ਵਾਲੀ ਕਹਾਵਤ ਇੱਥੇ ਸੱਚ ਸਾਬਿਤ ਹੋਈ , ਕਿਉਂਕਿ ਕਾਰ ਚਾਲਕ ਨੂੰ ਗੰਭੀਰ ਸੱਟਾਂ ਨਹੀਂ ਲੱਗੀਆਂ ।
ਕਾਰ ਚਾਲਕ ਦੀ ਪਛਾਣ ਸੌਰਵ ਵਜੋਂ ਹੋਈ ਹੈ, ਜੋ ਕਿ ਸੂਰਿਆ ਐਨਕਲੇਵ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਸੂਤਰਾਂ ਅਨੁਸਾਰ ਸੌਰਵ ਇੱਕ ਫੈਕਟਰੀ ਮਾਲਕ ਹੈ। ਹਾਦਸੇ ਤੋਂ ਬਾਅਦ ਉਸਨੂੰ ਤੁਰੰਤ ਗੱਡੀ ਵਿੱਚੋਂ ਕੱਢ ਲਿਆ ਗਿਆ ਅਤੇ ਉਸਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਇਸ ਦੌਰਾਨ, ਟਰੱਕ ਡਰਾਈਵਰ ਨੇ ਦੱਸਿਆ ਕਿ ਤਕਨੀਕੀ ਖਰਾਬੀ ਕਾਰਨ ਉਸਦੀ ਗੱਡੀ ਰਸਤੇ ਵਿੱਚ ਹੀ ਰੁਕ ਗਈ ਸੀ। ਕੋਈ ਹੋਰ ਵਿਕਲਪ ਨਾ ਹੋਣ ਕਰਕੇ, ਉਸਨੂੰ ਟਰੱਕ ਸੜਕ ਦੇ ਕਿਨਾਰੇ ਖੜ੍ਹਾ ਕਰਨ ਲਈ ਮਜਬੂਰ ਹੋਣਾ ਪਿਆ। ਟਰੱਕ ਡਰਾਈਵਰ ਨੇ ਦਾਅਵਾ ਕੀਤਾ ਕਿ ਪਿੱਛੇ ਤੋਂ ਆ ਰਹੀ ਕਾਰ ਦਾ ਡਰਾਈਵਰ ਸ਼ਾਇਦ ਸ਼ਰਾਬ ਦੇ ਨਸ਼ੇ ਵਿੱਚ ਸੀ, ਜਿਸ ਕਾਰਨ ਉਸਨੇ ਆਪਣੀ ਗੱਡੀ ਦਾ ਕੰਟਰੋਲ ਗੁਆ ਦਿੱਤਾ ਅਤੇ ਟਰੱਕ ਨਾਲ ਟਕਰਾ ਗਿਆ।












