ਮਾਨਸਾ: ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਅਤੇ ਆਪਣੇ ਬੱਚਿਆਂ ਦੇ ਆਧਾਰ ਕਾਰਡ ਸਮੇਂ-ਸਮੇਂ ‘ਤੇ ਅੱਪਡੇਟ ਕਰਨ ਤਾਂ ਜੋ ਵੱਖ-ਵੱਖ ਸਰਕਾਰੀ ਸੇਵਾਵਾਂ ਅਤੇ ਯੋਜਨਾਵਾਂ ਦਾ ਲਾਭ ਲੈਣ ਵਿੱਚ ਕਿਸੇ ਵੀ ਮੁਸ਼ਕਲ ਤੋਂ ਬਚਿਆ ਜਾ ਸਕੇ।
ਉਨ੍ਹਾਂ ਕਿਹਾ ਕਿ ਆਧਾਰ ਕਾਰਡ ਅੱਪਡੇਟ ਨਾ ਕਰਨ ਨਾਲ ਨਾਗਰਿਕ ਕਈ ਲਾਭਾਂ ਤੋਂ ਵਾਂਝੇ ਰਹਿ ਸਕਦੇ ਹਨ। ਯੂ.ਆਈ.ਡੀ.ਏ.ਆਈ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, 5 ਤੋਂ 15 ਸਾਲ ਦੀ ਉਮਰ ਦੇ ਬੱਚਿਆਂ ਦੇ ਆਧਾਰ ਕਾਰਡਾਂ ‘ਤੇ ਫਿੰਗਰਪ੍ਰਿੰਟਸ, ਆਇਰਿਸ ਅਤੇ ਚਿਹਰੇ ਸਮੇਤ ਬਾਇਓਮੈਟ੍ਰਿਕਸ ਨੂੰ ਅੱਪਡੇਟ ਕਰਨਾ ਲਾਜ਼ਮੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ 10 ਸਾਲ ਤੋਂ ਵੱਧ ਪੁਰਾਣੇ ਆਧਾਰ ਕਾਰਡਾਂ ਨੂੰ ਵੀ ਅੱਪਡੇਟ ਕਰਨਾ ਜ਼ਰੂਰੀ ਹੈ, ਜਿਸ ਵਿੱਚ ਬਾਇਓਮੈਟ੍ਰਿਕਸ ਦੇ ਨਾਲ-ਨਾਲ ਪਤੇ ਦਾ ਸਬੂਤ ਵੀ ਅਪਡੇਟ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਜ਼ਿਲ੍ਹੇ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਡੀ.ਬੀ.ਟੀ. ਸਮੇਤ ਸਰਕਾਰੀ ਸੇਵਾਵਾਂ ਤੱਕ ਨਿਰਵਿਘਨ ਪਹੁੰਚ ਨੂੰ ਯਕੀਨੀ ਬਣਾਉਣ ਲਈ ਆਪਣੇ ਮੋਬਾਈਲ ਨੰਬਰ ਅਤੇ ਦਸਤਾਵੇਜ਼ ਆਧਾਰ ਨਾਲ ਅੱਪਡੇਟ ਰੱਖਣ। ਇਹ ਦਸਤਾਵੇਜ਼ ਅੱਪਡੇਟ ਸਹੂਲਤ ਮਾਈ ਆਧਾਰ ਪੋਰਟਲ ਰਾਹੀਂ ਜਾਂ ਸੇਵਾ ਕੇਂਦਰਾਂ ‘ਤੇ ਔਨਲਾਈਨ ਉਪਲਬਧ ਹੈ।











