ਗੈਜੇਟ ਡੈਸਕ : ਓਪਨ.ਏ.ਆਈ. ਨੇ ਕੁਝ ਚੈਟ.ਜੀ.ਪੀ.ਟੀ. ਅਕਾਊਂਟਸ ’ਤੇ ਪਾਬੰਦੀ ਲਾਉਣ ਦਾ ਐਲਾਨ ਕੀਤਾ ਹੈ ਜਾਂ ਕਹਿ ਲਓ ਅਕਾਊਂਟਸ ’ਤੇ ਆਪਣੀ ਡਿਜੀਟਲ ਸਟ੍ਰਾਈਕ ਕੀਤੀ ਹੈ। ਇਹ ਅਕਾਊਂਟ ਏ.ਆਈ. ਦੀ ਵਰਤੋਂ ਕਰਕੇ ਸੋਸ਼ਲ ਮੀਡੀਆ ’ਤੇ ਵੱਡੇ ਪੱਧਰ ’ਤੇ ਨਿਗਰਾਨੀ ਕਰਨ ਵਾਲੇ ਟੂਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਓਪਨ.ਏ.ਆਈ. ਨੇ ਦੱਸਿਆ ਕਿ ਕੁਝ ਯੂਜ਼ਰਸ ਚੈਟ.ਜੀ.ਪੀ.ਟੀ. ਦੀ ਦੁਰਵਰਤੋਂ ਕਰ ਰਹੇ ਸਨ, ਜਿਸ ਤੋਂ ਬਾਅਦ ਉਨ੍ਹਾਂ ਦੇ ਅਕਾਊਂਟਸ ਬੰਦ ਕਰ ਦਿੱਤੇ ਗਏ। ਇਹ ਕਦਮ ਇਸ ਲਈ ਚੁੱਕਿਆ ਗਿਆ ਤਾਂ ਜੋ ਏ.ਆਈ. ਦੀ ਗਲਤ ਵਰਤੋਂ ਨੂੰ ਰੋਕਿਆ ਜਾ ਸਕੇ। ਬੈਨ ਕੀਤੇ ਗਏ ਅਕਾਊਂਟਸ ਵਿੱਚ ਚੀਨ ਅਤੇ ਰੂਸ ਦੇ ਯੂਜ਼ਰਸ ਦੇ ਅਕਾਊਂਟ ਸ਼ਾਮਲ ਹਨ।
ਨਿਗਰਾਨੀ ਰੱਖਣ ਵਾਲੇ ਟੂਲਜ਼ ਹੋ ਰਹੇ ਸਨ ਤਿਆਰ
ਰਾਇਟਰਜ਼ ਦੀ ਰਿਪੋਰਟ ਮੁਤਾਬਕ, ਓਪਨ.ਏ.ਆਈ. ਨੇ ਜਿਸ ਅਕਾਊਂਟ ਨੂੰ ਬੰਦ ਕੀਤਾ, ਉਸ ਤੋਂ ਚੈਟ.ਜੀ.ਪੀ.ਟੀ. ਦੀ ਮਦਦ ਨਾਲ ਇੱਕ ਸਰਕਾਰੀ ਕਲਾਇੰਟ ਲਈ ਸੋਸ਼ਲ ਮੀਡੀਆ ‘ਤੇ ਨਿਗਰਾਨੀ ਕਰਨ ਲਈ ਉਪਕਰਣ ਤਿਆਰ ਕੀਤਾ ਜਾ ਰਿਹਾ ਸੀ। ਇਸ ਉਪਕਰਣ ਨੂੰ ‘ਸੋਸ਼ਲ ਮੀਡੀਆ ਪ੍ਰੋਬ’ ਕਿਹਾ ਗਿਆ, ਜੋ ਐਕਸ, ਫੇਸਬੁੱਕ, ਇੰਸਟਾਗ੍ਰਾਮ, ਰੈਡਿਟ, ਟਿਕਟੋਕ ਅਤੇ ਯੂਟਿਊਬ ਵਰਗੇ ਪਲੇਟਫਾਰਮਾਂ ‘ਤੇ ਕੱਟੜਪੰਥੀ ਭਾਸ਼ਣ, ਨਸਲੀ, ਧਾਰਮਿਕ ਅਤੇ ਰਾਜਨੀਤਿਕ ਸਮੱਗਰੀ ਦੀ ਜਾਂਚ ਕਰ ਸਕਦਾ ਸੀ। ਕੰਪਨੀ ਨੇ ਇਸਨੂੰ ਗਲਤ ਇਸਤੇਮਾਲ ਮੰਨ ਕੇ ਅਕਾਊਂਟ ‘ਤੇ ਬੈਨ ਲਗਾ ਦਿੱਤਾ। ਏ.ਆਈ. ਦੇ ਚੰਗੇ ਅਤੇ ਮਾੜੇ ਦੋਵੇਂ ਪਹਿਲੂ ਹਨ। ਪਰ ਸਾਨੂੰ ਇਸਦਾ ਸਕਾਰਾਤਮਕ ਇਸਤੇਮਾਲ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਵੀ ਏ.ਆਈ. ਦੇ ਖੇਤਰ ਵਿੱਚ ਕੁਝ ਕਰਨਾ ਚਾਹੁੰਦੇ ਹੋ, ਤਾਂ ਪਹਿਲਾਂ ਇਸ ਦੀਆਂ ਮੂਲ ਗੱਲਾਂ ਨੂੰ ਸਮਝੋ।
OpenAI ਨੇ ਇਹ ਅਕਾਊਂਟ ਵੀ ਕਰ ਦਿੱਤਾ ਬੰਦ
ਕੰਪਨੀ ਨੇ ਇੱਕ ਹੋਰ ਅਕਾਊਂਟ ਨੂੰ ਵੀ ਬੰਦ ਕਰ ਦਿੱਤਾ, ਜੋ ਕਿਸੇ ਸਰਕਾਰੀ ਸੰਸਥਾ ਨਾਲ ਜੁੜਿਆ ਹੋ ਸਕਦਾ ਹੈ। ਇਹ ਅਕਾਊਂਟ ਚੈਟ.ਜੀ.ਪੀ.ਟੀ. ਦੀ ਵਰਤੋਂ ਕਰਕੇ ਹਾਈ-ਰਿਸਕ ਉਇਗਰ-ਸਬੰਧੀ ਇਨਫਲੋ ਵਾਰਨਿੰਗ ਮਾਡਲ ਨਾਮ ਦਾ ਡਰਾਫਟ ਲਿਖ ਰਿਹਾ ਸੀ। ਇਸ ਡਰਾਫਟ ਵਿੱਚ ਟਰਾਂਸਪੋਰਟ ਬੁਕਿੰਗ ਅਤੇ ਪੁਲਿਸ ਰਿਕਾਰਡ ਦੀ ਤੁਲਨਾ ਕਰਕੇ ਉਇਗਰ ਭਾਈਚਾਰੇ ਦੀਆਂ ਯਾਤਰਾ ਗਤੀਵਿਧੀਆਂ ਦੀ ਨਿਗਰਾਨੀ ਦੀ ਯੋਜਨਾ ਬਣਾਈ ਜਾ ਰਹੀ ਸੀ। OpenAI ਨੇ ਇਸ ਨੂੰ ਮਾਨਵ ਅਧਿਕਾਰਾਂ ਦਾ ਉਲੰਘਣ ਮੰਨਦਿਆਂ ਕਾਰਵਾਈ ਕੀਤੀ।
ਚੀਨੀ ਅਤੇ ਰੂਸੀ ਯੂਜ਼ਰਾਂ ‘ਤੇ ਡਿੱਗੀ ਗਾਜ
ਚੀਨ ਵਿੱਚ OpenAI ਦੀਆਂ ਸੇਵਾਵਾਂ ਅਧਿਕਾਰਤ ਤੌਰ ‘ਤੇ ਉਪਲਬਧ ਨਹੀਂ ਹਨ। ਹਾਲਾਂਕਿ, ਯੂਜ਼ਰ VPN ਦੀ ਵਰਤੋਂ ਕਰਕੇ ਚੈਟ.ਜੀ.ਪੀ.ਟੀ. ਤੱਕ ਪਹੁੰਚ ਕਰ ਰਹੇ ਸਨ। ਕੰਪਨੀ ਨੇ ਕਿਹਾ ਕਿ ਚੀਨ ਵਰਗੇ ਦੇਸ਼ਾਂ ਵਿੱਚ AI ਦੀ ਵਰਤੋਂ ਬੇਕਾਬੂ ਤਰੀਕੇ ਨਾਲ ਨਿਗਰਾਨੀ ਵਧਾਉਣ ਲਈ ਕੀਤੀ ਜਾ ਰਹੀ ਹੈ, ਜਿਸ ‘ਤੇ ਨਜ਼ਰ ਰੱਖਣਾ ਜ਼ਰੂਰੀ ਹੈ। OpenAI ਨੇ ਰੂਸੀ ਹੈਕਰਾਂ ਦੇ ਕੁਝ ਖਾਤਿਆਂ ‘ਤੇ ਵੀ ਪਾਬੰਦੀ ਲਗਾਈ, ਜੋ ਚੈਟ.ਜੀ.ਪੀ.ਟੀ.ਦੀ ਵਰਤੋਂ ਕਰਕੇ ਮਾਲਵੇਅਰ (malware) ਵਿਕਸਤ ਕਰ ਰਹੇ ਸਨ। ਕੰਪਨੀ ਨੇ ਇਨ੍ਹਾਂ ਗਤੀਵਿਧੀਆਂ ਨੂੰ ਫੜ ਕੇ ਤੁਰੰਤ ਕਾਰਵਾਈ ਕੀਤੀ। ਚੈਟ.ਜੀ.ਪੀ.ਟੀ. ਦੀ ਵਰਤੋਂ ਘੁਟਾਲਿਆਂ ਦਾ ਪਤਾ ਲਗਾਉਣ ਲਈ ਕੀਤੀ ਜਾ ਰਹੀ ਹੈ।
ਸਕੈਮ ਨੂੰ ਪਛਾਣਨ ਵਿੱਚ ChatGPT ਦੀ ਵਰਤੋਂ ਹੋ ਰਹੀ ਹੈ
OpenAI ਨੇ ਇਹ ਵੀ ਦੱਸਿਆ ਹੈ ਕਿ ਚੈਟ.ਜੀ.ਪੀ.ਟੀ. ਦੀ ਵਰਤੋਂ ਸਕੈਮ ਨੂੰ ਪਛਾਣਨ ਵਿੱਚ ਵੱਧ ਹੋ ਰਹੀ ਹੈ, ਨਾ ਕਿ ਸਕੈਮ ਕਰਨ ਵਿੱਚ। ਕੰਪਨੀ ਦਾ ਅਨੁਮਾਨ ਹੈ ਕਿ ਚੈਟ.ਜੀ.ਪੀ.ਟੀ. ਸਕੈਮ ਦੀ ਪਛਾਣ ਲਈ ਤਿੰਨ ਗੁਣਾ ਵੱਧ ਵਰਤਿਆ ਜਾ ਰਿਹਾ ਹੈ।











