ਨਵੀਂ ਦਿੱਲੀ : ਭਾਰਤੀ ਰਿਜ਼ਰਵ ਬੈਂਕ (RBI) ਦੇ ਸਾਬਕਾ ਗਵਰਨਰ ਉਰਜਿਤ ਪਟੇਲ ਨੂੰ ਅੰਤਰਰਾਸ਼ਟਰੀ ਮੁਦਰਾ ਫੰਡ (IMF) ਵਿੱਚ ਕਾਰਜਕਾਰੀ ਨਿਰਦੇਸ਼ਕ ਨਿਯੁਕਤ ਕੀਤਾ ਗਿਆ ਹੈ। ਭਾਰਤ ਸਰਕਾਰ ਨੇ ਉਨ੍ਹਾਂ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਉਹ ਅਗਲੇ ਤਿੰਨ ਸਾਲਾਂ ਲਈ ਇਸ ਮਹੱਤਵਪੂਰਨ ਅਹੁਦੇ ‘ਤੇ ਸੇਵਾ ਨਿਭਾਉਣਗੇ । ਇਹ ਭਾਰਤ ਲਈ ਇੱਕ ਵੱਡੀ ਪ੍ਰਾਪਤੀ ਹੈ ਕਿਉਂਕਿ ਉਰਜਿਤ ਪਟੇਲ ਵਰਗੇ ਤਜਰਬੇਕਾਰ ਅਰਥਸ਼ਾਸਤਰੀ ਭਾਰਤ ਦੀਆਂ ਆਰਥਿਕ ਨੀਤੀਆਂ ਨੂੰ ਵਿਸ਼ਵ ਪੱਧਰ ‘ਤੇ ਮਜ਼ਬੂਤੀ ਨਾਲ ਪੇਸ਼ ਕਰ ਸਕਦੇ ਹਨ।
ਉਰਜਿਤ ਪਟੇਲ ਦਾ ਪ੍ਰਭਾਵਸ਼ਾਲੀ ਕਰੀਅਰ
ਉਰਜਿਤ ਪਟੇਲ ਨੇ ਸਤੰਬਰ 2016 ਵਿੱਚ ਰਘੂਰਾਮ ਰਾਜਨ ਤੋਂ ਬਾਅਦ RBI ਦੇ 24ਵੇਂ ਗਵਰਨਰ ਵਜੋਂ ਅਹੁਦਾ ਸੰਭਾਲਿਆ ਸੀ। ਉਨ੍ਹਾਂ ਦਾ ਕਾਰਜਕਾਲ ਦਸੰਬਰ 2018 ਵਿੱਚ ਖਤਮ ਹੋ ਗਿਆ ਸੀ ਜਦੋਂ ਉਨ੍ਹਾਂ ਨੇ ਨਿੱਜੀ ਕਾਰਨਾਂ ਕਰਕੇ ਅਸਤੀਫ਼ਾ ਦੇ ਦਿੱਤਾ ਸੀ। ਉਨ੍ਹਾਂ ਦਾ ਕਾਰਜਕਾਲ 1992 ਤੋਂ ਬਾਅਦ ਸਭ ਤੋਂ ਛੋਟਾ ਸੀ।
➤ ਮਹਿੰਗਾਈ ਨਿਯੰਤਰਣ: ਉਰਜਿਤ ਪਟੇਲ ਨੇ ਭਾਰਤੀ ਅਰਥਵਿਵਸਥਾ ਵਿੱਚ ਵੱਡਾ ਯੋਗਦਾਨ ਪਾਇਆ। ਉਨ੍ਹਾਂ ਨੇ 4% CPI ਨੂੰ ਮਹਿੰਗਾਈ ਦਾ ਟੀਚਾ ਬਣਾਉਣ ਦੀ ਸਿਫਾਰਸ਼ ਕੀਤੀ ਸੀ ਜਿਸਨੂੰ ਸਰਕਾਰ ਨੇ ਅਪਣਾਇਆ ਸੀ। ਇਹ ਨੀਤੀ ਹਾਲੇੇ ਵੀ ਦੇਸ਼ ਦੀ ਆਰਥਿਕਤਾ ਨੂੰ ਸਥਿਰ ਰੱਖਣ ਵਿੱਚ ਮਦਦ ਕਰਦੀ ਹੈ।
➤ ਨੋਟਬੰਦੀ: ਉਨ੍ਹਾਂ ਦੇ ਕਾਰਜਕਾਲ ਦੌਰਾਨ, 2016 ਵਿੱਚ 500 ਅਤੇ 1000 ਰੁਪਏ ਦੇ ਨੋਟਾਂ ਦੀ ਨੋਟਬੰਦੀ ਕੀਤੀ ਗਈ ਸੀ, ਜਿਸਦਾ ਉਦੇਸ਼ ਕਾਲੇ ਧਨ ਅਤੇ ਭ੍ਰਿਸ਼ਟਾਚਾਰ ਨੂੰ ਰੋਕਣਾ ਸੀ।
➤ ਅੰਤਰਰਾਸ਼ਟਰੀ ਤਜਰਬਾ: ਉਨ੍ਹਾਂ ਨੇ 1990 ਵਿੱਚ IMF ਨਾਲ ਆਪਣਾ ਕਰੀਅਰ ਸ਼ੁਰੂ ਕੀਤਾ। ਇਸ ਤੋਂ ਇਲਾਵਾ, ਉਨ੍ਹਾਂ ਨੇ ਭਾਰਤ, ਅਮਰੀਕਾ, ਬਹਾਮਾਸ ਅਤੇ ਮਿਆਂਮਾਰ ਵਰਗੇ ਦੇਸ਼ਾਂ ਲਈ ਵੀ ਕੰਮ ਕੀਤਾ ਹੈ। 1998 ਤੋਂ 2001 ਤੱਕ, ਉਹ ਭਾਰਤ ਦੇ ਵਿੱਤ ਮੰਤਰਾਲੇ ਵਿੱਚ ਸਲਾਹਕਾਰ ਰਹੇ।
IMF ਵਿੱਚ ਕਾਰਜਕਾਰੀ ਨਿਰਦੇਸ਼ਕ ਦੀ ਮਹੱਤਤਾ
IMF ਵਿੱਚ ਕਾਰਜਕਾਰੀ ਨਿਰਦੇਸ਼ਕ ਦਾ ਅਹੁਦਾ ਬਹੁਤ ਮਹੱਤਵਪੂਰਨ ਹੈ। ਕਾਰਜਕਾਰੀ ਨਿਰਦੇਸ਼ਕ ਸਿੱਧੇ ਤੌਰ ‘ਤੇ ਦੇ ਰੋਜ਼ਾਨਾ ਦੇ ਕੰਮ ਅਤੇ ਨੀਤੀਗਤ ਫ਼ੈਸਲਿਆਂ ਵਿੱਚ ਹਿੱਸਾ ਲੈਂਦੇ ਹਨ। ਉਰਜਿਤ ਪਟੇਲ ਨੂੰ ਕੇ.ਵੀ. ਸੁਬਰਾਮਨੀਅਮ ਦੀ ਜਗ੍ਹਾ ਨਿਯੁਕਤ ਕੀਤਾ ਗਿਆ ਹੈ।
ਉਰਜਿਤ ਪਟੇਲ ਕੋਲ ਨਾ ਸਿਰਫ਼ RBI ਦਾ ਤਜਰਬਾ ਹੈ, ਸਗੋਂ ਨਿੱਜੀ ਖੇਤਰ ਅਤੇ ਅੰਤਰਰਾਸ਼ਟਰੀ ਸੰਗਠਨਾਂ ਵਿੱਚ ਕੰਮ ਕਰਨ ਦਾ ਲੰਮਾ ਤਜਰਬਾ ਵੀ ਹੈ। ਉਨ੍ਹਾਂ ਦੀ ਨਿਯੁਕਤੀ ਨਾਲ ਭਾਰਤ ਨੂੰ ਵਿਸ਼ਵ ਆਰਥਿਕ ਪਲੇਟਫਾਰਮ ‘ਤੇ ਹੋਰ ਮਜ਼ਬੂਤੀ ਮਿਲੇਗੀ ਅਤੇ ਉਹ ਦੇਸ਼ ਦੀਆਂ ਆਰਥਿਕ ਨੀਤੀਆਂ ਨੂੰ ਦੁਨੀਆ ਦੇ ਸਾਹਮਣੇ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਨ ਦੇ ਯੋਗ ਹੋਣਗੇ।












