ਸਪੋਰਟਸ ਨਿਊਜ਼ : ਆਸਟ੍ਰੇਲੀਆ ਦੇ ਸਾਬਕਾ ਕਪਤਾਨ ’ਤੇ ਕੋਚ ਬੌਬ ਸਿੰਪਸਨ ਦਾ 89 ਸਾਲ ਦੀ ਉਮਰ ਵਿੱਚ ਸਿਡਨੀ ਵਿੱਚ ਦੇਹਾਂਤ ਹੋ ਗਿਆ। ਕ੍ਰਿਕਟ ਆਸਟ੍ਰੇਲੀਆ ਨੇ 16 ਅਗਸਤ 2025 ਨੂੰ ਅਧਿਕਾਰਤ ਤੌਰ ‘ਤੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ। ਸਿੰਪਸਨ ਨਾ ਸਿਰਫ਼ ਇੱਕ ਸ਼ਾਨਦਾਰ ਬੱਲੇਬਾਜ਼ ਅਤੇ ਇੱਕ ਸ਼ਾਨਦਾਰ ਸਲਿੱਪ ਫੀਲਡਰ ਸਨ, ਸਗੋਂ ਇੱਕ ਕੋਚ ਵਜੋਂ ਉਹ ਆਸਟ੍ਰੇਲੀਆਈ ਕ੍ਰਿਕਟ ਨੂੰ ਨਵੀਆਂ ਉਚਾਈਆਂ ‘ਤੇ ਲੈ ਗਏ।
ਸਿੰਪਸਨ ਨੇ 1957 ਵਿੱਚ ਆਪਣਾ ਟੈਸਟ ਡੈਬਿਊ ਕੀਤਾ ਅਤੇ 1978 ਤੱਕ ਖੇਡਦੇ ਰਹੇ। ਉਨ੍ਹਾਂ ਨੇ ਕੁੱਲ 62 ਟੈਸਟ ਮੈਚ ਖੇਡੇ, 4,869 ਦੌੜਾਂ ਬਣਾਈਆਂ ਅਤੇ 10 ਸੈਂਕੜੇ ਲਗਾਏ ਸਨ। ਉਨ੍ਹਾਂ ਦਾ ਸਭ ਤੋਂ ਵਧੀਆ ਸਕੋਰ 1964 ਵਿੱਚ ਇੰਗਲੈਂਡ ਵਿਰੁੱਧ 311 ਸੀ। ਬੱਲੇਬਾਜ਼ੀ ਤੋਂ ਇਲਾਵਾ, ਉਹ ਇੱਕ ਲੈੱਗ ਸਪਿਨਰ ਵੀ ਸਨ ਅਤੇ 71 ਵਿਕਟਾਂ ਲਈਆਂ।
ਸਲਿੱਪ ਵਿੱਚ 110 ਕੈਚ ਫੜੇ
ਬੌਬ ਸਲਿੱਪ ਫੀਲਡਿੰਗ ਵਿੱਚ ਮਾਹਰ ਸਨ ਅਤੇ 110 ਕੈਚ ਲਏ, ਜੋ ਕਿ ਹਾਲੇ ਵੀ ਇੱਕ ਗੈਰ-ਵਿਕਟਕੀਪਰ ਲਈ ਇੱਕ ਰਿਕਾਰਡ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਕੁੱਲ 39 ਟੈਸਟ ਮੈਚਾਂ ਵਿੱਚ ਆਸਟ੍ਰੇਲੀਆ ਦੀ ਕਪਤਾਨੀ ਕੀਤੀ। ਬੌਬ 1977 ਵਿੱਚ ਰਿਟਾਇਰਮੈਂਟ ਤੋਂ ਵਾਪਸ ਆਏ ਅਤੇ ਆਸਟ੍ਰੇਲੀਆ ਕ੍ਰਿਕਟ ਟੀਮ ਦੀ ਕਪਤਾਨੀ ਸੰਭਾਲੀ। ਉਸ ਸਮੇਂ ਕਈ ਮੁੱਖ ਖਿਡਾਰੀ ਵਰਲਡ ਸੀਰੀਜ਼ ਕ੍ਰਿਕਟ ਖੇਡਣ ਲਈ ਗਏ ਸਨ, ਜਿਸ ਨਾਲ ਟੀਮ ਕਮਜ਼ੋਰ ਹੋ ਗਈ ਸੀ।
ਸਿੰਪਸਨ ਨੇ 41 ਸਾਲ ਦੀ ਉਮਰ ਵਿੱਚ ਕਪਤਾਨੀ ਸੰਭਾਲੀ ਅਤੇ ਭਾਰਤ ਅਤੇ ਵੈਸਟ ਇੰਡੀਜ਼ ਵਿਰੁੱਧ ਲੜੀ ਵਿੱਚ ਟੀਮ ਦੀ ਅਗਵਾਈ ਕੀਤੀ। ਭਾਰਤ ਦੇ ਵਿਰੁੱਧ ਆਸਟ੍ਰੇਲੀਆ ਨੇ ਪੰਜ ਮੈਚਾਂ ਦੀ ਟੈਸਟ ਲੜੀ 3-2 ਨਾਲ ਜਿੱਤੀ। ਇਸ ਤੋਂ ਬਾਅਦ ਉਨ੍ਹਾਂ ਨੇ ਦੁਬਾਰਾ ਸੰਨਿਆਸ ਲੈ ਲਿਆ। ਉਨ੍ਹਾਂ ਨੇ ਟੈਸਟ ਮੈਚਾਂ ਵਿੱਚ ਆਸਟ੍ਰੇਲੀਆ ਦੀ ਕਪਤਾਨੀ ਕੀਤੀ। 12 ਮੈਚ ਜਿੱਤੇ, 12 ਹਾਰੇ। ਜਦੋਂ ਕਿ 15 ਮੈਚ ਡਰਾਅ ਰਹੇ।
1986 ਵਿੱਚ ਆਸਟ੍ਰੇਲੀਆ ਦੇ ਪਹਿਲੇ ਪੂਰੇ ਸਮੇਂ ਦੇ ਕੋਚ ਬਣੇ
ਉਨ੍ਹਾਂ ਨੇ ਕੋਚ ਵਜੋਂ ਆਸਟ੍ਰੇਲੀਆ ਨੂੰ ਇੱਕ ਨਵੀਂ ਪਛਾਣ ਦਿੱਤੀ। ਉਹ ਨੇ 1986 ਵਿੱਚ ਦੇਸ਼ ਦੇ ਪਹਿਲੇ ਪੂਰੇ ਸਮੇਂ ਦੇ ਕੋਚ ਬਣੇ ਅਤੇ 1996 ਤੱਕ ਇਸ ਅਹੁਦੇ ‘ਤੇ ਰਹੇ। ਉਨ੍ਹਾਂ ਦੇ ਕਾਰਜਕਾਲ ਦੌਰਾਨ, ਆਸਟ੍ਰੇਲੀਆ ਨੇ 1987 ਦਾ ਵਿਸ਼ਵ ਕੱਪ ਜਿੱਤਿਆ, 1989 ਵਿੱਚ ਇੰਗਲੈਂਡ ਤੋਂ ਐ-ਸ਼ੇਜ਼ ਵਾਪਸ ਹਾਸਲ ਕੀਤੀ ਅਤੇ 1995 ਵਿੱਚ ਵੈਸਟ ਇੰਡੀਜ਼ ਨੂੰ ਹਰਾਇਆ।
1965 ਵਿੱਚ ਵਿਜ਼ਡਨ ਕ੍ਰਿਕਟਰ ਆਫ ਦਿ ਇਅਰ ਬਣੇ
ਉਨ੍ਹਾਂ ਨੇ ਖੇਡ ਜਗਤ ਵਿੱਚ ਕਈ ਸਨਮਾਨ ਹਾਸਿਲ ਕੀਤੇ । ਉਨ੍ਹਾਂ ਨੂੰ 1965 ਵਿੱਚ ਵਿਜ਼ਡਨ ਕ੍ਰਿਕਟਰ ਆਫ ਦਿ ਈਅਰ, 1985 ਵਿੱਚ ਸਪੋਰਟ ਆਸਟ੍ਰੇਲੀਆ ਹਾਲ ਆਫ ਫੇਮ, 2006 ਵਿੱਚ ਆਸਟ੍ਰੇਲੀਅਨ ਕ੍ਰਿਕਟ ਹਾਲ ਆਫ ਫੇਮ ਅਤੇ 2013 ਵਿੱਚ ਆਈ.ਸੀ.ਸੀ ਕ੍ਰਿਕਟ ਹਾਲ ਆਫ ਫੇਮ ਵਿੱਚ ਸ਼ਾਮਲ ਕੀਤਾ ਗਿਆ। ਉਨ੍ਹਾਂ ਨੂੰ ਆਰਡਰ ਆਫ ਆਸਟ੍ਰੇਲੀਆ ਨਾਲ ਵੀ ਸਨਮਾਨਿਤ ਕੀਤਾ ਗਿਆ।
ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਭੇਟ ਕੀਤੀ ਸ਼ਰਧਾਂਜਲੀ
ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਉਨ੍ਹਾਂ ਦੇ ਦੇਹਾਂਤ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਲਿਖਿਆ ਕਿ ‘ਬੌਬ ਸਿੰਪਸਨ ਦੀਆਂ ਸੇਵਾਵਾਂ ਪੀੜ੍ਹੀਆਂ ਤੱਕ ਯਾਦ ਰੱਖੀਆਂ ਜਾਣਗੀਆਂ।’ ਕ੍ਰਿਕਟ ਆਸਟ੍ਰੇਲੀਆ ਦੇ ਚੇਅਰਮੈਨ ਮਾਈਕ ਬੇਅਰਡ ਨੇ ਕਿਹਾ, ‘ਸਿੰਪਸਨ ਨੇ ਆਸਟ੍ਰੇਲੀਆ ਕ੍ਰਿਕਟ ਦੀ ਨੀਂਹ ਮਜ਼ਬੂਤ ਕੀਤੀ ਅਤੇ ਭਵਿੱਖ ਦੇ ਚੈਂਪੀਅਨਾਂ ਲਈ ਰਾਹ ਪੱਧਰਾ ਕੀਤਾ।’











