ਫ਼ਿਰੋਜ਼ਪੁਰ : ਫ਼ਿਰੋਜ਼ਪੁਰ ਤੋਂ ਬਹੁਤ ਹੀ ਦੁਖਭਰੀ ਖ਼ਬਰ ਸਾਹਮਣੇ ਆਈ ਹੈ। ਫ਼ਿਰੋਜ਼ਪੁਰ ਦੇ ਪਿੰਡ ਖਾਈ ਖੇਮੇ ਵਿਖੇ ਲੜਕੀ ਦਾ ਵਿਆਹ ਬਹੁਤ ਹੀ ਧੂਮਧਾਮ ਨਾਲ ਕੀਤਾ ਜਾ ਰਿਹਾ ਸੀ। ਜਦੋਂ ਸ਼ਾਮ ਦੇ ਸਮੇਂ ਡੋਲੀ ਜਾਣ ਲੱਗੀ ਤਾਂ ਲੜਕੀ ਦੇ ਭਰਾ ਨੇ ਖੁਸ਼ੀ ਦੇ ਮਾਹੌਲ ‘ਚ ਫਾਇਰ ਕੀਤਾ। ਜਦੋਂ ਉਸ ਨੇ ਫਾਇਰ ਕੀਤਾ ਤਾਂ ਗੋਲੀ ਲਾੜੀ ਦੇ ਮੱਥੇ ਜਾ ਵੱਜੀ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਈ। ਲਾੜੀ ਨੂੰ ਜ਼ਖ਼ਮੀ ਹਾਲਤ ਵਿੱਚ ਫ਼ਿਰੋਜ਼ਪੁਰ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਮੌਕੇ ‘ਤੇ ਪੁੱਜੇ ਡੀ.ਐਸ.ਪੀ. ਸੁਖਵਿੰਦਰ ਸਿੰਘ ਅਤੇ ਥਾਣਾ ਸਦਰ ਫ਼ਿਰੋਜ਼ਪੁਰ ਦੇ ਐਸ.ਐਚ.ਓ. ਜਸਵੰਤ ਸਿੰਘ ਨੇ ਦੱਸਿਆ ਕਿ ਕਰੀਬ 25 ਸਾਲਾ ਬਲਜਿੰਦਰ ਕੌਰ ਪੁੱਤਰੀ ਬਾਜ ਸਿੰਘ ਵਾਸੀ ਪਿੰਡ ਹਸੰਧੂ ਦਾ ਬੀਤੇ ਦਿਨ ਵਿਆਹ ਸੀ। ਜਦੋਂ ਲਾੜੀ ਦੀ ਡੋਲੀ ਉਥੋਂ ਰਵਾਨਾ ਹੋਣ ਲੱਗੀ ਤਾਂ ਲਾੜੀ ਦੇ ਭਰਾ ਨੇ ਗੋਲੀ ਚਲਾ ਦਿੱਤੀ ਜੋ ਲਾੜੀ ਦੇ ਮੱਥੇ ‘ਤੇ ਲੱਗੀ। ਜ਼ਖ਼ਮੀ ਹਾਲਤ ‘ਚ ਲੜਕੀ ਨੂੰ ਪਹਿਲਾਂ ਫਿਰੋਜ਼ਪੁਰ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਤੇ ਹੁਣ ਉਸ ਨੂੰ ਲੁਧਿਆਣਾ ਦੇ ਡੀ.ਐਮ.ਸੀ ‘ਚ ਰੈਫਰ ਕਰ ਦਿੱਤਾ ਗਿਆ ਹੈ। ਜਿੱਥੇ ਵੈਟੀਲਿਟਰ ਦੀ ਮਦਦ ਨਾਲ ਉਸ ਨੂੰ ਸਾਹ ਦਿੱਤਾ ਜਾ ਰਿਹਾ ਹੈ। ਦੱਸ ਦੇਈਏ ਕਿ ਬਰਾਤ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਸਰਹਾਲੀ ਤੋਂ ਆਈ ਸੀ। ਡੀ.ਐਸ.ਪੀ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ।