ਮੋਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ, ਬੋਰਡ ਨੇ 10ਵੀਂ ਅਤੇ 12ਵੀਂ ਜਮਾਤ ਦੀਆਂ ਉੱਤਰ ਪੱਤਰੀਆਂ ਦੀ ਮੁੜ ਜਾਂਚ ਕਰਨ ਦੀ ਬਜਾਏ ਉਨ੍ਹਾਂ ਦਾ ਮੁੜ ਮੁਲਾਂਕਣ ਕਰਨ ਦਾ ਮਹੱਤਵਪੂਰਨ ਫ਼ੈਸਲਾ ਲਿਆ ਹੈ। ਬੋਰਡ ਆਫ਼ ਡਾਇਰੈਕਟਰਜ਼ ਦੀ ਮੀਟਿੰਗ ਵਿੱਚ ਵਿਚਾਰ-ਵਟਾਂਦਰੇ ਤੋਂ ਬਾਅਦ, ਇਹ ਫ਼ੈੈਸਲਾ ਲਿਆ ਗਿਆ ਹੈ ਕਿ ਹੁਣ 8ਵੀਂ ਜਮਾਤ ਦੀਆਂ ਉੱਤਰ ਪੱਤਰੀਆਂ ਦੀ ਮੁੜ ਜਾਂਚ ਕੀਤੀ ਜਾਵੇਗੀ, ਜਦੋਂ ਕਿ 10ਵੀਂ ਅਤੇ 12ਵੀਂ ਜਮਾਤ ਦੀਆਂ ਉੱਤਰ ਪੱਤਰੀਆਂ ਦੀ ਮੁੜ ਜਾਂਚ ਦੇ ਨਾਲ-ਨਾਲ ਮੁਲਾਂਕਣ ਵੀ ਕੀਤਾ ਜਾਵੇਗਾ।
ਤੁਹਾਨੂੰ ਦੱਸ ਦੇਈਏ ਕਿ ਪਹਿਲਾਂ ਮੁੜ ਜਾਂਚ ਵਿੱਚ, ਸਿਰਫ਼ ਉੱਤਰ ਪੱਤਰੀਆਂ ‘ਤੇ ਪ੍ਰਾਪਤ ਅੰਕ ਹੀ ਦੁਬਾਰਾ ਜੋੜੇ ਜਾਂਦੇ ਸਨ। ਪਿਛਲੇ ਸਾਲਾਂ ਵਿੱਚ, ਬੋਰਡ ਨੇ ਉੱਤਰ ਪੱਤਰੀਆਂ ਦਾ ਮੁੜ ਮੁਲਾਂਕਣ ਸ਼ੁਰੂ ਕੀਤਾ ਸੀ, ਪਰ ਇਸ ਸਬੰਧ ਵਿੱਚ ਕੁਝ ਬੇਨਿਯਮੀਆਂ ਸਾਹਮਣੇ ਆਉਣ ਤੋਂ ਬਾਅਦ, ਬੋਰਡ ਨੇ ਇਹ ਫ਼ੈਸਲਾ ਵਾਪਸ ਲੈ ਲਿਆ ਹੈ। ਹੁਣ ਦੁਬਾਰਾ ਬੋਰਡ ਨੇ ਮੁੜ ਜਾਂਚ ਕਰਨ ਦੀ ਬਜਾਏ ਮੁੜ ਮੁਲਾਂਕਣ ਦਾ ਫ਼ੈਸਲਾ ਲਿਆ ਹੈ।












