ਲੁਧਿਆਣਾ : ਮਹਾਨਗਰ ਦੇ ਵੱਕਾਰੀ ਨਿਰਵਾਣ ਕਲੱਬ ‘ਚ ਆਯੋਜਿਤ ਇਕ ਨਿੱਜੀ ਸਮਾਗਮ ਦੌਰਾਨ ਆਪਣੇ ਲਾਇਸੰਸੀ ਪਿਸਤੌਲ ਨਾਲ ਹਵਾ ‘ਚ ਅੰਨ੍ਹੇਵਾਹ ਗੋਲੀਆਂ ਚਲਾ ਕੇ ਲੋਕਾਂ ਦੀ ਜਾਨ ਨੂੰ ਖਤਰੇ ‘ਚ ਪਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਥਾਣਾ ਪੀ.ਏ.ਯੂ. ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਕਲੱਬ ਦੇ ਅਹਾਤੇ ‘ਚੋਂ ਕੱਟੇ ਹੋਏ ਕਾਰਤੂਸ ਦੇ 7 ਖਾਲੀ ਖੋਲ ਬਰਾਮਦ ਕਰਕੇ ਫਾਇ ਰਿੰਗ ਕਰਨ ਵਾਲੇ ਦੋਸ਼ੀ ਬੱਸ ਸਟੈਂਡ ਨਿਵਾਸੀ ਪ੍ਰਣਵ ਖੋਸਲਾ ਦੇ ਖ਼ਿਲਾਫ਼ ਅਸਲਾ ਐਕਟ ਦੀਆਂ ਗੰਭੀਰ ਧਾਰਾਵਾਂ ਅਤੇ ਆਮ ਲੋਕਾਂ ਦੀ ਸੁਰੱਖਿਆ ਨੂੰ ਖਤਰੇ ਵਿੱਚ ਪਾਉਣ ਦੇ ਤਹਿਤ ਮਾਮਲਾ ਦਰਜ ਕੀਤਾ ਹੈ।
ਜਾਣਕਾਰੀ ਅਨੁਸਾਰ ਸਬ-ਇੰਸਪੈਕਟਰ (ਐੱਸ.ਆਈ.) ਭੁਪਿੰਦਰ ਜੱਗੀ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਪੁਲਿਸ ਪਾਰਟੀ ਨਾਲ ਇਲਾਕੇ ‘ਚ ਗਸ਼ਤ ਕਰ ਰਹੇ ਸਨ। ਇਸ ਦੌਰਾਨ ਪੁਲਿਸ ਨੂੰ ਇੱਕ ਖਾਸ ਮੁਖਬਰ ਨੇ ਠੋਸ ਸੂਚਨਾ ਦਿੱਤੀ ਕਿ 21 ਅਤੇ 22 ਅਗਸਤ ਦੀ ਦਰਮਿਆਨੀ ਰਾਤ ਨੂੰ ਨਿਰਵਾਣ ਕਲੱਬ ਵਿਖੇ ਚੱਲ ਰਹੇ ਇੱਕ ਸਮਾਗਮ/ਪ੍ਰੋਗਰਾਮ ਦੌਰਾਨ ਇੱਕ ਨੌਜਵਾਨ ਨੇ ਆਪਣੇ ਲਾਇਸੰਸੀ ਪਿਸਤੌਲ ਨਾਲ ਹਵਾ ਵਿੱਚ ਕਈ ਗੋਲੀਆਂ ਚਲਾਈਆਂ, ਜਿਸ ਨਾਲ ਉੱਥੇ ਮੌਜੂਦ ਮਹਿਮਾਨਾਂ ਅਤੇ ਆਮ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਲੋਕਾਂ ਦੀ ਜਾਨ ਨੂੰ ਸਿੱਧਾ ਖ਼ਤਰਾ ਪੈਦਾ ਹੋ ਗਿਆ।
ਸੂਚਨਾ ਮਿਲਦੇ ਹੀ ਪੁਲਿਸ ਟੀਮ ਤੁਰੰਤ ਨਿਰਵਾਨਾ ਕਲੱਬ ਪਹੁੰਚੀ ਅਤੇ ਘਟਨਾ ਸਥਾਨ ਦਾ ਨੇੜਿਓਂ ਮੁਆਇਨਾ ਕੀਤਾ। ਜਾਂਚ ਦੌਰਾਨ ਪੁਲਿਸ ਨੇ ਮੌਕੇ ਤੋਂ 7 ਕੱਟੇ ਹੋਏ ਕਾਰਤੂਸ ਦੇ ਖੋਲ ਬਰਾਮਦ ਕਰਕੇ ਆਪਣੀ ਹਿਰਾਸਤ ਵਿੱਚ ਲੈ ਲਏ ਹਨ। ਜਾਂਚ ਵਿੱਚ ਪੁਸ਼ਟੀ ਹੋਈ ਹੈ ਕਿ ਇਹ ਫਾਇਰ ਲਾਇਸੰਸੀ ਪਿਸਤੌਲ ਨਾਲ ਹੀ ਕੀਤੇ ਗਏ ਸਨ। ਹਵਾ ਵਿੱਚ ਗੋਲੀ ਚਲਾਉਣ ਵਾਲੇ ਮੁਲਜ਼ਮ ਦੀ ਪਛਾਣ ਪ੍ਰਣਵ ਖੋਸਲਾ ਵਜੋਂ ਹੋਈ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਵਾਰਦਾਤ ਵਿੱਚ ਵਰਤੀ ਗਈ ਲਾਇਸੈਂਸੀ ਪਿਸਤੌਲ ਬਰਾਮਦ ਕਰਨ ਲਈ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
