ਜਾਪਾਨ : ਜਾਪਾਨ ਦੇ ਕਿਊਸ਼ੂ ਟਾਪੂ ‘ਤੇ ਅੱਜ 7.1 ਤੀਬਰਤਾ ਦਾ ਸ਼ਕਤੀਸ਼ਾਲੀ ਭੂਚਾਲ ਆਇਆ। ਇਹ ਭੂਚਾਲ ਕੁਮਾਮੋਟੋ ਖੇਤਰ ਵਿੱਚ ਆਇਆ ਅਤੇ ਇਸਦੇ ਬਾਅਦ ਸੁਨਾਮੀ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ। ਜਾਪਾਨ ਮੌਸਮ ਵਿਗਿਆਨ ਏਜੰਸੀ (ਜੇ.ਐਮ.ਏ.) ਦੇ ਅਨੁਸਾਰ, 1 ਮੀਟਰ ਤੱਕ ਉੱਚੀਆਂ ਲਹਿਰਾਂ ਉੱਠਣ ਦੀ ਸੰਭਾਵਨਾ ਜਤਾਈ ਹੈ। ਤੱਟਵਰਤੀ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਚੌਕਸ ਰਹਿਣ ਅਤੇ ਲੋੜ ਪੈਣ ‘ਤੇ ਤੁਰੰਤ ਖਾਲੀ ਕਰਨ ਦੀ ਅਪੀਲ ਕੀਤੀ ਗਈ ਹੈ। ਇਸ ਦੌਰਾਨ, ਚੀਨ ਵਿੱਚ ਧਰਤੀ ਹਿੱਲ ਗਈ ਹੈ। ਚੀਨ ਦੇ ਕਿੰਘਾਈ ਵਿੱਚ 5.0 ਤੀਬਰਤਾ ਦਾ ਭੂਚਾਲ ਦਰਜ ਕੀਤਾ ਗਿਆ ਹੈ।
ਜਾਪਾਨੀ ਸਰਕਾਰ ਨੇ ਕੁਮਾਮੋਟੋ ਤੋਂ ਇਲਾਵਾ ਨਾਗਾਸਾਕੀ, ਕਾਗੋਸ਼ੀਮਾ, ਫੁਕੂਓਕਾ, ਸਾਗਾ, ਓਇਟਾ ਅਤੇ ਮਿਆਜ਼ਾਕੀ ਪ੍ਰੀਫੈਕਚਰ ਵਿੱਚ ਵੀ ਐਮਰਜੈਂਸੀ ਭੂਚਾਲ ਦੀ ਚੇਤਾਵਨੀ ਜਾਰੀ ਕੀਤੀ ਹੈ। ਇਹ ਸਾਰੇ ਖੇਤਰ ਕਿਊਸ਼ੂ ਟਾਪੂ ‘ਤੇ ਸਥਿਤ ਹਨ।
ਰਾਹਤ ਦੀ ਗੱਲ ਹੈ ਕਿ ਹੁਣ ਤੱਕ ਕਿਸੇ ਵੀ ਜਾਨੀ ਜਾਂ ਵੱਡੇ ਨੁਕਸਾਨ ਦੀ ਰਿਪੋਰਟ ਨਹੀਂ ਹੈ। ਸਥਾਨਕ ਪ੍ਰਸ਼ਾਸਨ ਭੂਚਾਲ ਦੇ ਪ੍ਰਭਾਵ ਦਾ ਮੁਲਾਂਕਣ ਕਰ ਰਿਹਾ ਹੈ ਅਤੇ ਸੁਨਾਮੀ ਦੇ ਖ਼ਤਰੇ ‘ਤੇ ਵੀ ਨਜ਼ਰ ਰੱਖ ਰਿਹਾ ਹੈ। ਐਮਰਜੈਂਸੀ ਟੀਮਾਂ ਅਲਰਟ ‘ਤੇ ਹਨ ਅਤੇ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ।












