ਨਵੀਂ ਦਿੱਲੀ: ਅੱਜ 8 ਅਕਤੂਬਰ ਨੂੰ ਭਾਰਤੀ ਹਵਾਈ ਸੈਨਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀ ਰੱਖਿਆ ਲਈ ਸਮਰਪਿਤ ਹਵਾਈ ਸੈਨਾ ਦੇ ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਹਵਾਈ ਯੋਧਿਆਂ ਦੀ ਬਹਾਦਰੀ, ਸਾਹਸ ਅਤੇ ਦੇਸ਼ ਪ੍ਰਤੀ ਸਮਰਪਣ ਨੂੰ ਸਲਾਮ ਕਰਦਿਆਂ ਕਿਹਾ ਕਿ ਹਰ ਭਾਰਤੀ ਨੂੰ ਆਪਣੇ ਏਅਰ ਵਾਰੀਅਰਜ਼ ’ਤੇ ਮਾਣ ਹੈ।
PM ਮੋਦੀ ਨੇ ਹਵਾਈ ਯੋਧਿਆਂ ਦੀ ਕੀਤੀ ਸ਼ਲਾਘਾ
ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ’ਤੇ ਸੰਦੇਸ਼ ਸਾਂਝਾ ਕਰਦਿਆਂ ਕਿਹਾ ਕਿ ਭਾਰਤ ਆਪਣੇ ਹਵਾਈ ਯੋਧਿਆਂ ਦੀ ਬਹਾਦਰੀ ਅਤੇ ਸਮਰਪਣ ’ਤੇ ਮਾਣ ਕਰਦਾ ਹੈ। ਉਨ੍ਹਾਂ ਕਿਹਾ ਕਿ ਅਸਮਾਨ ਦੀ ਰੱਖਿਆ ਕਰਨ ਵਾਲੇ ਇਹ ਜਵਾਨ ਦੇਸ਼ ਦੀ ਸੁਰੱਖਿਆ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ।
ਪੀਐਮ ਮੋਦੀ ਨੇ ਉਨ੍ਹਾਂ ਸਾਰੇ ਹਵਾਈ ਯੋਧਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਵਧਾਈ ਦਿੱਤੀ, ਜਿਨ੍ਹਾਂ ਨੇ ਰਾਸ਼ਟਰ ਦੀ ਸੇਵਾ ਲਈ ਆਪਣਾ ਜੀਵਨ ਸਮਰਪਿਤ ਕੀਤਾ ਹੈ।
ਅਮਿਤ ਸ਼ਾਹ ਸਮੇਤ ਕਈ ਆਗੂਆਂ ਨੇ ਦਿੱਤੀਆਂ ਵਧਾਈਆਂ
ਭਾਰਤੀ ਹਵਾਈ ਸੈਨਾ ਦਿਵਸ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਹਵਾਈ ਸੈਨਾ ਦੇ ਬਹਾਦਰ ਜਵਾਨਾਂ ਨੂੰ ਸਲਾਮ ਕੀਤਾ। ਉਨ੍ਹਾਂ ਨੇ ਕਿਹਾ ਕਿ ਹਵਾਈ ਯੋਧਿਆਂ ਦਾ ਸਾਹਸ, ਸਟੀਕਤਾ ਅਤੇ ਪੇਸ਼ੇਵਰ ਸਮਰੱਥਾ ਦੇਸ਼ ਦੀ ਸੁਰੱਖਿਆ ਨੂੰ ਮਜ਼ਬੂਤ ਬਣਾਉਂਦੀ ਹੈ। ਉਨ੍ਹਾਂ ਨੇ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦ ਜਵਾਨਾਂ ਨੂੰ ਵੀ ਨਮਨ ਕੀਤਾ।
ਕੇਂਦਰੀ ਮੰਤਰੀ ਨਿਤਿਨ ਗਡਕਰੀ, ਮਨੋਹਰ ਲਾਲ ਸਮੇਤ ਕਈ ਹੋਰ ਆਗੂਆਂ ਨੇ ਵੀ ਹਵਾਈ ਸੈਨਾ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ, ਉਪ ਮੁੱਖ ਮੰਤਰੀ ਕੇਸ਼ਵ ਮੌਰਿਆ ਅਤੇ ਰਾਜਸਥਾਨ ਦੇ ਮੁੱਖ ਮੰਤਰੀ ਭਜਨਲਾਲ ਸ਼ਰਮਾ ਨੇ ਵੀ ਹਵਾਈ ਸੈਨਾ ਦੇ ਜਵਾਨਾਂ ਦੇ ਸਾਹਸ ਅਤੇ ਦੇਸ਼ ਸੇਵਾ ਦੀ ਸ਼ਲਾਘਾ ਕੀਤੀ।
‘ਨਭਃ ਸਪ੍ਰਸ਼ੰ ਦੀਪਤਮ’ ਹੈ ਹਵਾਈ ਸੈਨਾ ਦਾ ਆਦਰਸ਼ ਵਾਕ
ਭਾਰਤੀ ਹਵਾਈ ਸੈਨਾ ਦਾ ਆਦਰਸ਼ ਵਾਕ ‘ਨਭਃ ਸਪ੍ਰਸ਼ੰ ਦੀਪਤਮ’ ਹੈ, ਜਿਸ ਦਾ ਭਾਵ ਹੈ ‘ਸ਼ਾਨ ਨਾਲ ਅਸਮਾਨ ਨੂੰ ਛੂਹਣਾ’। ਹਵਾਈ ਸੈਨਾ ਆਪਣੇ ਇਸ ਆਦਰਸ਼ ਨੂੰ ਆਪਣੀ ਕਾਰਜਸ਼ੈਲੀ ਅਤੇ ਦੇਸ਼ ਸੇਵਾ ਨਾਲ ਜੋੜ ਕੇ ਅੱਗੇ ਵਧ ਰਹੀ ਹੈ।
ਰੱਖਿਆ ਮੰਤਰਾਲੇ ਨੇ ਵੀ ਹਵਾਈ ਸੈਨਾ ਦੀ ਵਰ੍ਹੇਗੰਢ ਮੌਕੇ ਬਹਾਦਰ ਹਵਾਈ ਯੋਧਿਆਂ ਨੂੰ ਨਮਨ ਕੀਤਾ ਅਤੇ ਦੇਸ਼ ਦੀ ਸੁਰੱਖਿਆ ਲਈ ਉਨ੍ਹਾਂ ਦੀ ਵਚਨਬੱਧਤਾ ਦੀ ਸ਼ਲਾਘਾ ਕੀਤੀ।
8 ਅਕਤੂਬਰ 1932 ਨੂੰ ਹੋਈ ਸੀ ਭਾਰਤੀ ਹਵਾਈ ਸੈਨਾ ਦੀ ਸਥਾਪਨਾ
ਭਾਰਤੀ ਹਵਾਈ ਸੈਨਾ ਦੀ ਸਥਾਪਨਾ 8 ਅਕਤੂਬਰ 1932 ਨੂੰ ਹੋਈ ਸੀ। ਸ਼ੁਰੂਆਤੀ ਦੌਰ ਵਿੱਚ ਇੱਕ ਛੋਟੀ ਹਵਾਈ ਇਕਾਈ ਵਜੋਂ ਸ਼ੁਰੂ ਹੋਈ ਇਹ ਸੰਸਥਾ ਅੱਜ ਆਧੁਨਿਕ ਤਕਨਾਲੋਜੀ ਅਤੇ ਸਮਰੱਥਾ ਨਾਲ ਦੇਸ਼ ਦੀ ਸੁਰੱਖਿਆ ਦਾ ਇੱਕ ਮਹੱਤਵਪੂਰਨ ਹਿੱਸਾ ਬਣ ਚੁੱਕੀ ਹੈ।
ਹਵਾਈ ਸਰਹੱਦਾਂ ਦੀ ਰੱਖਿਆ ਤੋਂ ਇਲਾਵਾ ਭਾਰਤੀ ਹਵਾਈ ਸੈਨਾ ਨੇ ਜੰਗੀ ਹਾਲਾਤਾਂ ਦੌਰਾਨ ਆਪਣੀ ਸਮਰੱਥਾ ਦਿਖਾਉਣ ਦੇ ਨਾਲ-ਨਾਲ ਕੁਦਰਤੀ ਆਫ਼ਤਾਂ ਅਤੇ ਐਮਰਜੈਂਸੀ ਹਾਲਾਤਾਂ ਵਿੱਚ ਰਾਹਤ ਤੇ ਬਚਾਅ ਕਾਰਜਾਂ ਵਿੱਚ ਵੀ ਅਹਿਮ ਯੋਗਦਾਨ ਪਾਇਆ ਹੈ।
ਅੱਜ ਹਵਾਈ ਸੈਨਾ ਦਿਵਸ ਮੌਕੇ ਪੂਰਾ ਦੇਸ਼ ਉਨ੍ਹਾਂ ਬਹਾਦਰ ਹਵਾਈ ਯੋਧਿਆਂ ਨੂੰ ਸਲਾਮ ਕਰ ਰਿਹਾ ਹੈ, ਜੋ ਦੇਸ਼ ਦੀਆਂ ਅਸਮਾਨੀ ਸਰਹੱਦਾਂ ਦੀ ਰੱਖਿਆ ਲਈ ਹਰ ਵੇਲੇ ਤਿਆਰ ਰਹਿੰਦੇ ਹਨ।










