Homeਹਰਿਆਣਾਦੀਵਾਲੀ ਤੋਂ ਪਹਿਲਾਂ 50 ਹਜ਼ਾਰ ਕਿਲੋ ਨਕਲੀ ਮਠਿਆਈ ਤੇ ਪਨੀਰ ਨਸ਼ਟ

ਦੀਵਾਲੀ ਤੋਂ ਪਹਿਲਾਂ 50 ਹਜ਼ਾਰ ਕਿਲੋ ਨਕਲੀ ਮਠਿਆਈ ਤੇ ਪਨੀਰ ਨਸ਼ਟ

ਹਰਿਆਣਾ : ਦੀਵਾਲੀ ਦੇ ਤਿਉਹਾਰ ਮੌਕੇ ਲੋਕਾਂ ਨੂੰ ਸ਼ੁੱਧ ਅਤੇ ਸੁਰੱਖਿਅਤ ਖਾਣ-ਪੀਣ ਵਾਲੀਆਂ ਵਸਤਾਂ ਮੁਹੱਈਆ ਕਰਵਾਉਣ ਲਈ ਹਰਿਆਣਾ ਸਰਕਾਰ ਨੇ ਮਿਲਾਵਟਖੋਰਾਂ ਖ਼ਿਲਾਫ਼ ਮੁਹਿੰਮ ਤੇਜ਼ ਕਰ ਦਿੱਤੀ ਹੈ। ਹੁਣ ਤੱਕ ਪੂਰੇ ਸੂਬੇ ਵਿੱਚ 50 ਹਜ਼ਾਰ ਕਿਲੋਗ੍ਰਾਮ ਮਿਲਾਵਟੀ ਮਠਿਆਈ ਅਤੇ ਨਕਲੀ ਪਨੀਰ ਨਸ਼ਟ ਕਰਵਾਇਆ ਗਿਆ ਹੈ। ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਸਪੱਸ਼ਟ ਕੀਤਾ ਹੈ ਕਿ ਸੂਬਾ ਸਰਕਾਰ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕਰੇਗੀ। ਉਨ੍ਹਾਂ ਨੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (FDA) ਵਿਭਾਗ ਨੂੰ ਮਿਲਾਵਟ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।

ਅਧਿਕਾਰਤ ਜਾਣਕਾਰੀ ਅਨੁਸਾਰ ਸਿਹਤ ਮੰਤਰੀ ਆਰਤੀ ਸਿੰਘ ਰਾਓ ਦੇ ਨਿਰਦੇਸ਼ਾਂ ‘ਤੇ 1 ਅਕਤੂਬਰ ਤੋਂ ਪੂਰੇ ਸੂਬੇ ਵਿੱਚ ਵਿਸ਼ੇਸ਼ ਜਾਂਚ ਮੁਹਿੰਮ ਚਲਾਈ ਜਾ ਰਹੀ ਹੈ। ਇਸ ਤਹਿਤ ਹੁਣ ਤੱਕ ਮਠਿਆਈਆਂ, ਖੋਇਆ, ਦੁੱਧ, ਪਨੀਰ ਅਤੇ ਹੋਰ ਖਾਣ-ਪੀਣ ਵਾਲੀਆਂ ਵਸਤਾਂ ਦੇ 1,288 ਨਮੂਨੇ ਲਏ ਗਏ ਹਨ। ਇਨ੍ਹਾਂ ਵਿੱਚੋਂ 861 ਨਮੂਨਿਆਂ ਦੀ ਜਾਂਚ ਪੂਰੀ ਹੋ ਚੁੱਕੀ ਹੈ। ਜਾਂਚ ਦੌਰਾਨ 170 ਨਮੂਨੇ ਨਿਰਧਾਰਤ ਗੁਣਵੱਤਾ ਮਾਪਦੰਡਾਂ ‘ਤੇ ਖਰੇ ਨਹੀਂ ਉਤਰੇ। ਇਨ੍ਹਾਂ ਵਿੱਚੋਂ 140 ਨਮੂਨੇ ਘਟੀਆ ਗੁਣਵੱਤਾ ਵਾਲੇ, ਜਦਕਿ 30 ਨਮੂਨੇ ਮਨੁੱਖੀ ਸਿਹਤ ਲਈ ਅਸੁਰੱਖਿਅਤ ਪਾਏ ਗਏ ਹਨ। ਵਿਭਾਗ ਨੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਛਾਪੇਮਾਰੀ ਕਰਕੇ ਲਗਭਗ 50 ਹਜ਼ਾਰ ਕਿਲੋਗ੍ਰਾਮ ਮਿਲਾਵਟੀ ਮਠਿਆਈ ਅਤੇ ਨਕਲੀ ਪਨੀਰ ਨਸ਼ਟ ਕਰਵਾਇਆ ਹੈ।

ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਦੱਸਿਆ ਕਿ ਜਾਂਚ ਦੌਰਾਨ ਮਿਲਾਵਟੀ ਪਾਏ ਗਏ ਖਾਣ-ਪੀਣ ਵਾਲੇ ਪਦਾਰਥਾਂ ਦੇ ਦੁਕਾਨਦਾਰਾਂ ਅਤੇ ਵਿਕਰੇਤਾਵਾਂ ਦੇ ਨਾਮ ਅਤੇ ਪਤੇ FDA ਹਰਿਆਣਾ ਦੇ ਪੋਰਟਲ ‘ਤੇ ਅਪਲੋਡ ਕੀਤੇ ਜਾ ਰਹੇ ਹਨ। ਪੁਲਿਸ ਅਤੇ ਫੂਡ ਸੇਫਟੀ ਅਧਿਕਾਰੀਆਂ ਦੀਆਂ ਸਾਂਝੀਆਂ ਟੀਮਾਂ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ। ਸੂਬੇ ਦੀਆਂ ਸਰਹੱਦਾਂ ਅਤੇ ਪ੍ਰਮੁੱਖ ਮਾਰਗਾਂ ‘ਤੇ ਖਾਣ-ਪੀਣ ਵਾਲੀਆਂ ਵਸਤਾਂ ਦੀ ਸਪਲਾਈ ਕਰਨ ਵਾਲੇ ਵਾਹਨਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਮਠਿਆਈਆਂ ਵਿੱਚ ਪਾਬੰਦੀਸ਼ੁਦਾ ਰੰਗਾਂ ਦੀ ਵਰਤੋਂ ‘ਤੇ ਵਿਸ਼ੇਸ਼ ਨਿਗਰਾਨੀ ਰੱਖੀ ਜਾ ਰਹੀ ਹੈ। ਸਰਕਾਰ ਨੇ ਮਠਿਆਈਆਂ ਦੀਆਂ ਦੁਕਾਨਾਂ, ਰੈਸਟੋਰੈਂਟਾਂ ਅਤੇ ਮਠਿਆਈਆਂ ਦੇ ਡੱਬਿਆਂ ‘ਤੇ ਇਹ ਸਪੱਸ਼ਟ ਲਿਖਣਾ ਲਾਜ਼ਮੀ ਕਰ ਦਿੱਤਾ ਹੈ ਕਿ ਮਠਿਆਈ ਦੇਸੀ ਘਿਓ ਨਾਲ ਬਣਾਈ ਗਈ ਹੈ ਜਾਂ ਖਾਣ ਵਾਲੇ ਤੇਲ ਨਾਲ।

ਕਰਨਾਲ ਅਤੇ ਚੰਡੀਗੜ੍ਹ ਦੀਆਂ ਫੂਡ ਲੈਬਾਰਟਰੀਆਂ ਨੂੰ ਨਮੂਨਿਆਂ ਦੀ ਰਿਪੋਰਟ 48 ਘੰਟਿਆਂ ਦੇ ਅੰਦਰ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ। ਮੌਕੇ ‘ਤੇ ਹੀ ਜਾਂਚ ਕਰਨ ਲਈ ਪੰਜ ਮੋਬਾਈਲ ਫੂਡ ਟੈਸਟਿੰਗ ਲੈਬਾਰਟਰੀਆਂ ਵੀ ਤਾਇਨਾਤ ਕੀਤੀਆਂ ਗਈਆਂ ਹਨ।

ਸਿਹਤ ਮੰਤਰੀ ਨੇ ਲੋਕਾਂ ਨੂੰ ਖਾਣ-ਪੀਣ ਵਾਲੀਆਂ ਵਸਤਾਂ ਦੀ ਗੁਣਵੱਤਾ ਪ੍ਰਤੀ ਸੁਚੇਤ ਰਹਿਣ ਅਤੇ ਮਿਲਾਵਟ ਦਾ ਸ਼ੱਕ ਹੋਣ ‘ਤੇ ਸਬੰਧਤ ਪੋਰਟਲ ਜਾਂ ਈਮੇਲ ਰਾਹੀਂ ਸ਼ਿਕਾਇਤ ਦਰਜ ਕਰਵਾਉਣ ਦੀ ਅਪੀਲ ਕੀਤੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments