ਟੋਕੀਓ : ਜਾਪਾਨ ਵਿੱਚ ਅੱਜ ਸਵੇਰੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਾਜਧਾਨੀ ਟੋਕੀਓ ਸਮੇਤ ਪੂਰਬੀ ਜਾਪਾਨ ਵਿੱਚ 5.9 ਤੀਬਰਤਾ ਦਾ ਭੂਚਾਲ ਆਇਆ, ਜਿਸ ਵਿੱਚ 23 ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਜ਼ਿਆਦਾਤਰ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਭੂਚਾਲ ਦੇ ਕਾਰਨ ਆਵਾਜਾਈ ਅਤੇ ਬਿਜਲੀ ਸਪਲਾਈ ਪ੍ਰਭਾਵਿਤ ਹੋਈ। ਹਾਲਾਂਕਿ, ਭੂਚਾਲ ਕਾਰਨ ਸੁਨਾਮੀ ਦੀ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ।
ਜਾਪਾਨ ਮੌਸਮ ਵਿਗਿਆਨ ਏਜੰਸੀ ਦੇ ਅਨੁਸਾਰ, ਭੂਚਾਲ ਦੱਖਣੀ ਇਬਾਰਾਕੀ ਵਿੱਚ 70 ਕਿਲੋਮੀਟਰ ਦੀ ਡੂੰਘਾਈ ‘ਤੇ ਆਇਆ, ਜਿਸਦੀ ਤੀਬਰਤਾ 5.9 ਸੀ। ਇਹ ਖੇਤਰ ਅਕਸਰ ਭੂਚਾਲਾਂ ਤੋਂ ਪ੍ਰਭਾਵਿਤ ਰਹਿੰਦਾ ਹੈ। ਪ੍ਰਧਾਨ ਮੰਤਰੀ ਸਨਾਏ ਤਾਕਾਚੀ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੀ ਸਰਕਾਰ ਨੇ ਸੰਭਾਵੀ ਨੁਕਸਾਨ ਦਾ ਮੁਲਾਂਕਣ ਕਰਨ ਲਈ ਇੱਕ ਟਾਸਕ ਫੋਰਸ ਬਣਾਈ ਹੈ।
ਅਧਿਕਾਰੀਆਂ ਮੁਤਾਬਕ, ਭੂਚਾਲ ਦੇ ਝਟਕਿਆਂ ਨਾਲ ਨੀਂਦ ਤੋਂ ਜਾਗਣ ਅਤੇ ਘਬਰਾ ਕੇ ਬਿਸਤਰ ਤੋਂ ਉੱਠਣ ਕਾਰਨ ਜ਼ਿਆਦਾਤਰ ਲੋਕ ਡਿੱਗ ਗਏ ਜਾਂ ਦਰਵਾਜ਼ਿਆਂ ਨਾਲ ਟਕਰਾ ਗਏ। ਜ਼ਖ਼ਮੀ ਹੋ ਗਏ। ਯੋਮੀਯੂਰੀ ਅਖ਼ਬਾਰ ਨੇ ਦੱਸਿਆ ਕਿ ਕਾਨਾਗਾਵਾ ਸੂਬੇ ਦੇ ਯੋਕੋਹਾਮਾ ਵਿੱਚ 80 ਸਾਲਾਂ ਇੱਕ ਔਰਤ ਆਪਣੇ ਬਿਸਤਰ ਤੋਂ ਡਿੱਗ ਗਈ ਅਤੇ ਉਸ ਦੇ ਕੁੱਲ੍ਹੇ ਵਿੱਚ ਗੰਭੀਰ ਸੱਟ ਆਈ।
ਜਾਣਕਾਰੀ ਦੇ ਅਨੁਸਾਰ, ਭੂਚਾਲ ਤੋਂ ਬਾਅਦ ਮੋਬਾਈਲ ਫੋਨ ’ਤੇ ਅਲਰਟ ਜਾਰੀ ਕੀਤੇ ਗਏ ਸਨ, ਇਸਦਾ ਪ੍ਰਭਾਵ ਟੋਕੀਓ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਵਧੇਰੇ ਦੇਖਿਆ ਗਿਆ।
ਰੇਲ ਸੇਵਾਵਾਂ ‘ਤੇ ਪਿਆ ਪ੍ਰਭਾਵ
ਜਾਣਕਾਰੀ ਦੇ ਅਨੁਸਾਰ, ਜਾਪਾਨ ਵਿੱਚ 5.9 ਤੀਬਰਤਾ ਵਾਲੇ ਭੂਚਾਲ ਨੇ ਰੇਲ ਸੇਵਾਵਾਂ ਨੂੰ ਵੀ ਪ੍ਰਭਾਵਿਤ ਕੀਤਾ। ਪੂਰਬੀ ਜਾਪਾਨ ਰੇਲਵੇ ਕੰਪਨੀ ਦੇ ਅਨੁਸਾਰ, ਟੋਕੀਓ ਅਤੇ ਨਾਰੀਤਾ ਹਵਾਈ ਅੱਡੇ ਦੇ ਵਿਚਕਾਰ ਐਕਸਪ੍ਰੈਸ ਟ੍ਰੇਨਾਂ ਦੇ ਨਾਲ-ਨਾਲ ਉੱਤਰ-ਪੂਰਬੀ ਖੇਤਰਾਂ ਵਿੱਚ ਹੋਰ ਸਥਾਨਕ ਟ੍ਰੇਨਾਂ ਵਿੱਚ ਵੀ ਦੇਰੀ ਹੋਈ। ਹਾਲਾਂਕਿ, ਸ਼ਿੰਕਾਨਸੇਨ ਬੁਲੇਟ ਟ੍ਰੇਨਾਂ ਆਮ ਤੌਰ ‘ਤੇ ਕੰਮ ਕਰ ਰਹੀਆਂ ਸਨ। ਨਿਊਕਲੀਅਰ ਰੈਗੂਲੇਸ਼ਨ ਅਥਾਰਟੀ ਨੇ ਕਿਹਾ ਕਿ ਪ੍ਰਮਾਣੂ ਸਮੱਗਰੀ ਨੂੰ ਸੰਭਾਲਣ ਵਾਲੇ ਲਗਭਗ ਇੱਕ ਦਰਜਨ ਪ੍ਰਮਾਣੂ ਪਾਵਰ ਪਲਾਂਟਾਂ ਅਤੇ ਸਹੂਲਤਾਂ ‘ਤੇ ਕਿਸੇ ਵੀ ਅਸਾਧਾਰਨ ਸਥਿਤੀ ਦੀ ਕੋਈ ਰਿਪੋਰਟ ਨਹੀਂ ਹੈ।











