ਸ੍ਰੀਨਗਰ: ਜੰਮੂ ਅਤੇ ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿੱਚ ਕ੍ਰਿਸ਼ਨਾ ਘਾਟੀ ਸੈਕਟਰ ਦੇ ਸਾਹਮਣੇ ਕੰਟਰੋਲ ਰੇਖਾ (ਐਲ.ਓ.ਸੀ.) ਦੇ ਪਾਰ ਇੱਕ ਸ਼ੱਕੀ ਧਮਾਕੇ ਵਿੱਚ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਅਤੇ ਕਸ਼ਮੀਰ (ਪੀ.ਓ.ਜੇ.ਕੇ.) ਦੇ ਚਾਰ ਲੋਕਾਂ ਦੀ ਮੌਤ ਹੋ ਗਈ।
ਅਧਿਕਾਰੀਆਂ ਨੇ ਦੱਸਿਆ ਕਿ ਇਹ ਧਮਾਕਾ ਪੀ.ਓ.ਜੇ.ਕੇ. ਦੀ ਹਜ਼ੀਰਾ ਤਹਿਸੀਲ ਦੇ ਸਤਵਾਲ-ਨਾਕੀ ਖੇਤਰ ਵਿੱਚ ਹੋਇਆ। ਜਾਣਕਾਰੀ ਮੁਤਾਬਕ ਪਾਕਿਸਤਾਨ ਵਾਲੇ ਪਾਸੇ ਕੰਟਰੋਲ ਰੇਖਾ ਨੇੜੇ ਕੁਝ ਲੋਕ ਪਾਣੀ ਦੀ ਪਾਈਪ ਲਾਈਨ ਵਿਛਾ ਰਹੇ ਸਨ। ਇਸ ਦੌਰਾਨ ਜ਼ਬਰਦਸਤ ਧਮਾਕਾ ਹੋਇਆ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਧਮਾਕਾ ਇਕ ਇਮਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈ.ਈ.ਡੀ.) ਨਾਲ ਹੋਇਆ ਸੀ।
ਸਰਹੱਦ ਪਾਰ ਤੋਂ ਮਿਲੀ ਸ਼ੁਰੂਆਤੀ ਜਾਣਕਾਰੀ ਅਨੁਸਾਰ ਮ੍ਰਿਤਕਾਂ ਦੀ ਪਛਾਣ ਫੈਜ਼ਾਨ ਸਗੀਰ, ਇਸ਼ਤਿਆਕ, ਵਕਾਸ ਸ਼ਰੀਫ ਅਤੇ ਆਸਿਮ ਰਫੀਕ ਵਜੋਂ ਹੋਈ ਹੈ। ਇਹ ਸਾਰੇ ਪੀ.ਓ.ਜੇ.ਕੇ. ਦੇ ਪਿੰਡ ਬਟਾਲ ਮੰਡੋਲ ਦੇ ਵਸਨੀਕ ਸਨ ਅਤੇ ਚਚੇਰੇ ਭਰਾ ਸਨ। ਅਧਿਕਾਰੀਆਂ ਨੇ ਦੱਸਿਆ ਕਿ ਧਮਾਕਾ ਕਿਨ੍ਹਾਂ ਹਾਲਾਤਾਂ ‘ਚ ਹੋਇਆ, ਇਸ ਦੀ ਜਾਂਚ ਕੀਤੀ ਜਾ ਰਹੀ ਹੈ।










