Homeਸੰਸਾਰਪਾਕਿਸਤਾਨ 'ਚ ਜਥੇ ਨਾਲੋਂ ਵਿਛੜੇ ਪੰਜਾਬ ਦੇ 3 ਸਿੱਖ ਸ਼ਰਧਾਲੂ ਲਾਹੌਰ 'ਚੋਂ...

ਪਾਕਿਸਤਾਨ ‘ਚ ਜਥੇ ਨਾਲੋਂ ਵਿਛੜੇ ਪੰਜਾਬ ਦੇ 3 ਸਿੱਖ ਸ਼ਰਧਾਲੂ ਲਾਹੌਰ ‘ਚੋਂ ਸੁਰੱਖਿਅਤ ਬਰਾਮਦ

ਅੰਮ੍ਰਿਤਸਰ: ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਸਥਿਤ ਇਤਿਹਾਸਕ ਗੁਰਧਾਮਾਂ ਦੇ ਦਰਸ਼ਨਾਂ ਲਈ ਗਏ ਭਾਰਤੀ ਸਿੱਖ ਸ਼ਰਧਾਲੂਆਂ ਦੇ ਜਥੇ ਵਿੱਚੋਂ ਲਾਪਤਾ ਹੋਏ ਪੰਜਾਬ ਦੇ ਤਿੰਨ ਸ਼ਰਧਾਲੂਆਂ ਨੂੰ ਪਾਕਿਸਤਾਨੀ ਪੁਲਿਸ ਤੇ ਸੁਰੱਖਿਆ ਏਜੰਸੀਆਂ ਨੇ ਲੱਭ ਲਿਆ ਹੈ। ਪ੍ਰਾਪਤ ਤਾਜ਼ਾ ਜਾਣਕਾਰੀ ਅਨੁਸਾਰ ਇਹ ਤਿੰਨੇ ਸ਼ਰਧਾਲੂ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਇਨ੍ਹਾਂ ਨੂੰ ਲਾਹੌਰ ਦੇ ਬਾਜ਼ਾਰਾਂ ਵਿੱਚ ਖ਼ਰੀਦਦਾਰੀ ਕਰਦਿਆਂ ਟਰੇਸ ਕਰਨ ਉਪਰੰਤ ਮੁੜ ਜਥੇ ਵਿੱਚ ਸ਼ਾਮਲ ਕਰ ਦਿੱਤਾ ਗਿਆ ਹੈ।

ਇਨ੍ਹਾਂ ਸ਼ਰਧਾਲੂਆਂ ਦੀ ਪਛਾਣ ਜਲੰਧਰ ਜ਼ਿਲ੍ਹੇ ਦੇ ਫਿਲੌਰ ਅਧੀਨ ਪੈਂਦੇ ਪਿੰਡ ਖੋਖੇਵਾਲ ਦੇ ਵਸਨੀਕ ਬਿੱਕਰ ਸਿੰਘ ਪੁੱਤਰ ਗੁਰਦਾਸ ਰਾਮ, ਤਰਨਤਾਰਨ ਰੋਡ ਸਥਿਤ ਗੁਰੂ ਨਾਨਕ ਕਲੋਨੀ (ਅੰਮ੍ਰਿਤਸਰ) ਦੇ ਰਹਿਣ ਵਾਲੇ ਵਿਕਰਮਜੀਤ ਸਿੰਘ ਪੁੱਤਰ ਕੁੰਦਨ ਅਤੇ ਸੁਲਤਾਨਵਿੰਡ ਦੇ ਸ਼ਹੀਦ ਊਧਮ ਸਿੰਘ ਨਗਰ (ਅੰਮ੍ਰਿਤਸਰ) ਦੇ ਵਾਸੀ ਹਰਪ੍ਰੀਤ ਸਿੰਘ ਪੁੱਤਰ ਕਵਲਜੀਤ ਸਿੰਘ ਵਜੋਂ ਹੋਈ ਹੈ।

ਜ਼ਿਕਰਯੋਗ ਹੈ ਕਿ 2,339 ਸਿੱਖ ਸ਼ਰਧਾਲੂਆਂ ਦਾ ਇਹ ਜਥਾ 22 ਨਵੰਬਰ ਨੂੰ ਵਾਹਗਾ ਸਰਹੱਦ ਰਸਤੇ ਪਾਕਿਸਤਾਨ ਰਵਾਨਾ ਹੋਇਆ ਸੀ। 23 ਅਤੇ 24 ਨਵੰਬਰ ਨੂੰ ਇਹ ਤਿੰਨੇ ਸ਼ਰਧਾਲੂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਸੰਗਤ ਦੇ ਨਾਲ ਹੀ ਮੌਜੂਦ ਸਨ। ਪ੍ਰੰਤੂ 25 ਨਵੰਬਰ ਦੀ ਸਵੇਰ ਨੂੰ ਜਦੋਂ ਜਥਾ ਅਗਲੇ ਪੜਾਅ ਤਹਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ (ਹਸਨ ਅਬਦਾਲ) ਦੇ ਦਰਸ਼ਨਾਂ ਲਈ ਰਵਾਨਾ ਹੋਣ ਲੱਗਾ ਤਾਂ ਬੱਸਾਂ ਵਿੱਚ ਸ਼ਰਧਾਲੂਆਂ ਦੀ ਗਿਣਤੀ ਦੌਰਾਨ ਤਿੰਨ ਮੈਂਬਰ ਘੱਟ ਪਾਏ ਗਏ।

ਇਸ ਘਟਨਾ ਕਾਰਨ ਜਥੇ ਦੇ ਪ੍ਰਬੰਧਕਾਂ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼ਰਧਾਲੂਆਂ ਦੇ ਪਰਿਵਾਰਾਂ ਵਿੱਚ ਡੂੰਘੀ ਚਿੰਤਾ ਪਾਈ ਜਾ ਰਹੀ ਸੀ। ਪ੍ਰਬੰਧਕਾਂ ਵੱਲੋਂ ਤੁਰੰਤ ਪਾਕਿਸਤਾਨੀ ਪ੍ਰਸ਼ਾਸਨ ਅਤੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ETPB) ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਸਥਾਨਕ ਪੁਲਿਸ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਇਨ੍ਹਾਂ ਨੂੰ ਲਾਹੌਰ ਤੋਂ ਲੱਭ ਲਿਆ। ਹੁਣ ਇਹ ਤਿੰਨੇ ਸ਼ਰਧਾਲੂ ਬਾਕੀ ਸੰਗਤ ਦੇ ਨਾਲ 1 ਦਸੰਬਰ ਨੂੰ ਵਾਹਗਾ ਸਰਹੱਦ ਰਾਹੀਂ ਵਾਪਸ ਵਤਨ ਪਰਤਣਗੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments