ਫਾਜ਼ਿਲਕਾ : ਫਾਜ਼ਿਲਕਾ ਪੁਲਿਸ ਨੇ 3 ਨਸ਼ਾ ਤਸਕਰਾਂ ਕੋਲੋਂ 270 ਗ੍ਰਾਮ ਹੈਰੋਇਨ ਸਮੇਤ 2 ਡਰੇਨ ਬਰਾਮਦ ਕਰਨ ‘ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਫਾਜ਼ਿਲਕਾ ਪੁਲਿਸ ਨੇ ਨਸ਼ਾ ਤਸਕਰੀ ਖ਼ਿਲਾਫ਼ ਵਿੱਢੀ ਮੁਹਿੰਮ ‘ਚ ਇੱਕ ਹੋਰ ਵੱਡੀ ਸਫ਼ਲਤਾ ਹਾਸਲ ਕਰਦਿਆਂ 3 ਨਸ਼ਾ ਤਸਕਰਾਂ ਨੂੰ 270 ਗ੍ਰਾਮ ਹੈਰੋਇਨ ਅਤੇ 2 ਡਰੋਨਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ।
ਜਾਣਕਾਰੀ ਦਿੰਦਿਆਂ ਸਤਿੰਦਰ ਕੁਮਾਰ ਪੀ.ਪੀ.ਐਸ. ਐਸ.ਪੀ.(ਜਾਂਚ) ਨੇ ਦੱਸਿਆ ਕਿ ਇੰਸਪੈਕਟਰ ਸੁਨੀਲ ਕੁਮਾਰ, ਇੰਚਾਰਜ ਸੀ.ਆਈ.ਏ. ਫਾਜ਼ਿਲਕਾ, ਐਸ.ਆਈ. ਕੁਲਵੰਤ ਸਿੰਘ ਸਮੇਤ ਥਾਣਾ ਸਦਰ ਜਲਾਲਾਬਾਦ ਦੇ ਇਲਾਕੇ ਵਿੱਚ ਗਸ਼ਤ ਕਰ ਰਹੇ ਸਨ। ਇਸ ਦੌਰਾਨ ਪਿੰਡ ਸੁਖੇਰਾ ਬੋਦਲਾ ਤੋਂ ਅੱਗੇ ਘੁਬਾਇਆ ਕਾਲਜ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ ਨੇੜੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਤਲਾਸ਼ੀ ਲਈ ਗਈ।
ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ 270 ਗ੍ਰਾਮ ਹੈਰੋਇਨ ਅਤੇ 2 ਡਰੋਨ ਬਰਾਮਦ ਹੋਏ। ਪੁਲੀਸ ਨੇ ਤਿੰਨਾਂ ਨੂੰ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕਰ ਕੇ ਬਰਾਮਦ ਨਸ਼ੀਲਾ ਪਦਾਰਥ ਅਤੇ ਡਰੋਨ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਹਰਮੇਸ਼ ਸਿੰਘ ਉਰਫ ਗੱਗੀ ਪੁੱਤਰ ਗੁਰਨਾਮ ਸਿੰਘ ਵਾਸੀ ਪਿੰਡ ਫੱਤੂ ਵਾਲਾ, ਲਵਪ੍ਰੀਤ ਸਿੰਘ ਉਰਫ ਲਵਲੀ ਪੁੱਤਰ ਮੁਖਤਿਆਰ ਸਿੰਘ ਵਾਸੀ ਜੋਧਾ ਭੈਣੀ ਅਤੇ ਬਲਵਿੰਦਰ ਸਿੰਘ ਉਰਫ ਨੀਤੀ ਪੁੱਤਰ ਰਾਮ ਸਿੰਘ ਵਾਸੀ ਢਾਣੀ ਮਾਘ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।












