Home ਦੇਸ਼ ਨੋਰਾ ਫਤੇਹੀ ਵਿਰੁੱਧ ਮਾਣਹਾਨੀ ਦਾ ਮੁਕੱਦਮਾ ….

ਨੋਰਾ ਫਤੇਹੀ ਵਿਰੁੱਧ ਮਾਣਹਾਨੀ ਦਾ ਮੁਕੱਦਮਾ ….

0

ਗਾਂਧੀਨਗਰ: ਬਾਲੀਵੁੱਡ ਅਦਾਕਾਰਾ ਅਤੇ ਡਾਂਸਰ ਨੋਰਾ ਫਤੇਹੀ ਇੱਕ ਵਾਰ ਫਿਰ ਕਾਨੂੰਨੀ ਵਿਵਾਦ ਵਿੱਚ ਘਿਰ ਗਈ ਹੈ। ਗੁਜਰਾਤ ਦੇ ਗਾਂਧੀਨਗਰ ਦੀ ਅਦਾਲਤ ਵਿੱਚ ਇੱਕ ਐਵੀਏਸ਼ਨ ਕੰਪਨੀ ਵੱਲੋਂ ਨੋਰਾ ਫਤੇਹੀ ਖ਼ਿਲਾਫ਼ 3 ਕਰੋੜ ਰੁਪਏ ਦੀ ਸਿਵਲ ਮਾਨਹਾਨੀ ਦੀ ਪਟੀਸ਼ਨ ਦਾਇਰ ਕੀਤੀ ਗਈ ਹੈ। ਕੰਪਨੀ ਦਾ ਦੋਸ਼ ਹੈ ਕਿ ਨੋਰਾ ਨੇ ਉਸ ਦੇ ਚਾਰਟਰਡ ਜਹਾਜ਼ ਬਾਰੇ ਸੋਸ਼ਲ ਮੀਡੀਆ ’ਤੇ ਅਜਿਹੀਆਂ ਟਿੱਪਣੀਆਂ ਕੀਤੀਆਂ, ਜਿਨ੍ਹਾਂ ਨਾਲ ਕੰਪਨੀ ਦੀ ਸਾਖ ਅਤੇ ਕਾਰੋਬਾਰ ਨੂੰ ਕਥਿਤ ਤੌਰ ’ਤੇ ਨੁਕਸਾਨ ਪਹੁੰਚਿਆ। ਮਾਮਲੇ ਦੀ ਸੁਣਵਾਈ 25 ਸਤੰਬਰ ਨੂੰ ਸੀਨੀਅਰ ਸਿਵਲ ਜੱਜ ਆਰ. ਅਗਰਵਾਲ ਦੀ ਅਦਾਲਤ ਵਿੱਚ ਹੋਣੀ ਹੈ।

ਮੁੰਬਈ ਤੋਂ ਜੈਪੁਰ ਜਾਂਦੇ ਸਮੇਂ ਬਣਾਈ ਸੀ ਵੀਡੀਓ

ਦਾਇਰ ਕੀਤੀ ਗਈ ਪਟੀਸ਼ਨ ਮੁਤਾਬਕ ਇਹ ਮਾਮਲਾ ਪਿਛਲੇ ਸਾਲ ਦਸੰਬਰ ਦਾ ਹੈ। ਨੋਰਾ ਫਤੇਹੀ ਮੁੰਬਈ ਤੋਂ ਜੈਪੁਰ ਦੀ ਯਾਤਰਾ ਦੌਰਾਨ ਐਵੀਏਸ਼ਨ ਕੰਪਨੀ ਦੇ Cessna Citation CJ2 ਜਹਾਜ਼ ਵਿੱਚ ਸਵਾਰ ਹੋਈ ਸੀ। ਕੰਪਨੀ ਦਾ ਦਾਅਵਾ ਹੈ ਕਿ ਯਾਤਰਾ ਦੌਰਾਨ ਨੋਰਾ ਨੇ ਜਹਾਜ਼ ਦੇ ਅੰਦਰ ਕੁਝ ਵੀਡੀਓ ਬਣਾਈਆਂ ਅਤੇ ਬਾਅਦ ਵਿੱਚ ਇਹ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀਆਂ ਕੀਤੀਆਂ। ਕੰਪਨੀ ਮੁਤਾਬਕ ਇਨ੍ਹਾਂ ਵੀਡੀਓਜ਼ ਵਿੱਚ ਜਹਾਜ਼ ਦੇ ਆਕਾਰ ਅਤੇ ਦਿੱਖ ਬਾਰੇ ਕਥਿਤ ਤੌਰ ’ਤੇ ‘ਮਿਨੀਏਚਰ’, ‘ਟੌਇ’ ਅਤੇ ‘ਲੇਗੋ ਏਅਰਪਲੇਨ’ ਵਰਗੇ ਸ਼ਬਦ ਵਰਤੇ ਗਏ।

ਕੰਪਨੀ ਨੇ ਕਾਰੋਬਾਰ ਪ੍ਰਭਾਵਿਤ ਹੋਣ ਦਾ ਕੀਤਾ ਦਾਅਵਾ

ਐਵੀਏਸ਼ਨ ਕੰਪਨੀ ਦਾ ਕਹਿਣਾ ਹੈ ਕਿ ਨੋਰਾ ਫਤੇਹੀ ਦੇ ਸੋਸ਼ਲ ਮੀਡੀਆ ’ਤੇ ਵੱਡੀ ਗਿਣਤੀ ਵਿੱਚ ਫਾਲੋਅਰਜ਼ ਹਨ। ਇਸ ਕਾਰਨ ਉਨ੍ਹਾਂ ਦੀਆਂ ਟਿੱਪਣੀਆਂ ਦਾ ਪ੍ਰਭਾਵ ਵੱਡੇ ਪੱਧਰ ’ਤੇ ਪਿਆ। ਪਟੀਸ਼ਨ ਵਿੱਚ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਉਸ ਨੂੰ ਗਾਹਕਾਂ ਦੀਆਂ ਪ੍ਰਤੀਕਿਰਿਆਵਾਂ ਦਾ ਸਾਹਮਣਾ ਕਰਨਾ ਪਿਆ ਅਤੇ ਕੁਝ ਬੁਕਿੰਗ ਵੀ ਰੱਦ ਹੋਈਆਂ। ਕੰਪਨੀ ਮੁਤਾਬਕ ਬੁਕਿੰਗ ਵਿੱਚ ਕਰੀਬ 15 ਤੋਂ 20 ਫੀਸਦੀ ਤੱਕ ਕਮੀ ਆਈ। ਕੰਪਨੀ ਨੇ ਆਪਣੀ ਸਾਖ ਅਤੇ ਸਾਲਾਂ ਦੌਰਾਨ ਬਣੀ ਗੁੱਡਵਿਲ ਨੂੰ ਨੁਕਸਾਨ ਪਹੁੰਚਣ ਦਾ ਵੀ ਦਾਅਵਾ ਕੀਤਾ ਹੈ।

3 ਕਰੋੜ ਰੁਪਏ ਮੁਆਵਜ਼ੇ ਦੀ ਮੰਗ

ਐਵੀਏਸ਼ਨ ਕੰਪਨੀ ਨੇ ਅਦਾਲਤ ਤੋਂ ਨੋਰਾ ਫਤੇਹੀ ਤੋਂ 3 ਕਰੋੜ ਰੁਪਏ ਦੇ ਹਰਜਾਨੇ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਕੰਪਨੀ ਨੇ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਨੋਰਾ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਜਹਾਜ਼ ਨਾਲ ਸਬੰਧਤ ਕਥਿਤ ਟਿੱਪਣੀਆਂ ਵਾਲੀਆਂ ਪੋਸਟਾਂ ਅਤੇ ਵੀਡੀਓਜ਼ ਹਟਾਉਣ ਦੇ ਨਿਰਦੇਸ਼ ਦਿੱਤੇ ਜਾਣ। ਕੰਪਨੀ ਨੇ ਨੋਰਾ ਤੋਂ ਜਨਤਕ ਤੌਰ ’ਤੇ ਸਪੱਸ਼ਟੀਕਰਨ ਦੇਣ ਦੀ ਮੰਗ ਵੀ ਕੀਤੀ ਹੈ।

25 ਸਤੰਬਰ ਨੂੰ ਹੋਵੇਗੀ ਅਗਲੀ ਸੁਣਵਾਈ

ਫਿਲਹਾਲ ਇਸ ਮਾਮਲੇ ਵਿੱਚ ਨੋਰਾ ਫਤੇਹੀ ਦਾ ਪੱਖ ਅਤੇ ਅਦਾਲਤ ਦੀ ਅਗਲੀ ਕਾਰਵਾਈ ਮਹੱਤਵਪੂਰਨ ਰਹੇਗੀ। 25 ਸਤੰਬਰ ਨੂੰ ਹੋਣ ਵਾਲੀ ਸੁਣਵਾਈ ਵਿੱਚ ਮਾਮਲੇ ਨਾਲ ਜੁੜੇ ਪੱਖਾਂ ਨੂੰ ਸੁਣਿਆ ਜਾਵੇਗਾ। ਇਹ ਮਾਮਲਾ ਸੋਸ਼ਲ ਮੀਡੀਆ ’ਤੇ ਕਿਸੇ ਸੈਲੀਬ੍ਰਿਟੀ ਵੱਲੋਂ ਕੀਤੀ ਗਈ ਟਿੱਪਣੀ ਦੇ ਸੰਭਾਵਿਤ ਕਾਰੋਬਾਰੀ ਪ੍ਰਭਾਵ ਨੂੰ ਲੈ ਕੇ ਵੀ ਚਰਚਾ ਵਿੱਚ ਹੈ।

NO COMMENTS

LEAVE A REPLY

Please enter your comment!
Please enter your name here

Exit mobile version