Homeਪੰਜਾਬਸ਼ਾਹਪੁਰਕੰਡੀ ਬੈਰਾਜ ਤੋਂ 23 ਹਜ਼ਾਰ ਕਿਊਸਿਕ ਪਾਣੀ ਛੱਡਿਆ, ਲਗਾਤਾਰ ਬਾਰਿਸ਼ ਕਾਰਨ ਡੈਮਾਂ...

ਸ਼ਾਹਪੁਰਕੰਡੀ ਬੈਰਾਜ ਤੋਂ 23 ਹਜ਼ਾਰ ਕਿਊਸਿਕ ਪਾਣੀ ਛੱਡਿਆ, ਲਗਾਤਾਰ ਬਾਰਿਸ਼ ਕਾਰਨ ਡੈਮਾਂ ‘ਚ ਵਧਿਆ ਜਲ ਪੱਧਰ

ਪਠਾਨਕੋਟ: ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਪਿਛਲੇ ਦੋ ਦਿਨਾਂ ਤੋਂ ਹੋ ਰਹੀ ਲਗਾਤਾਰ ਬਾਰਿਸ਼ ਨੇ ਡੈਮਾਂ ਅਤੇ ਬੈਰਾਜਾਂ ਵਿੱਚ ਪਾਣੀ ਦੀ ਆਮਦ ਨੂੰ ਕਾਫੀ ਵਧਾ ਦਿੱਤਾ ਹੈ। ਇਸੇ ਦੌਰਾਨ ਪ੍ਰਸ਼ਾਸਨ ਨੇ ਸੁਰੱਖਿਆ ਦੇ ਮੱਦੇਨਜ਼ਰ ਸ਼ਾਹਪੁਰਕੰਡੀ ਬੈਰਾਜ ਤੋਂ ਕਰੀਬ 23,000 ਕਿਊਸਿਕ ਪਾਣੀ ਛੱਡਿਆ ਹੈ, ਜੋ ਅੱਗੇ ਰਾਵੀ ਦਰਿਆ ਰਾਹੀਂ ਪਾਕਿਸਤਾਨ ਵੱਲ ਵਹਿ ਰਿਹਾ ਹੈ।

ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਚਮੇਰਾ ਹਾਈਡ੍ਰੋ ਪ੍ਰੋਜੈਕਟ ਤੋਂ ਵੱਡੀ ਮਾਤਰਾ ਵਿੱਚ ਪਾਣੀ ਰਣਜੀਤ ਸਾਗਰ ਡੈਮ (ਆਰਐਸਡੀ) ਵਿੱਚ ਪਹੁੰਚ ਰਿਹਾ ਹੈ। ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਡੈਮ ਵਿੱਚ ਪਾਣੀ ਦੀ ਆਮਦ ਵਧਣ ਨਾਲ ਝੀਲ ਦੇ ਜਲ ਪੱਧਰ ਵਿੱਚ ਲਗਭਗ ਇੱਕ ਮੀਟਰ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਡੈਮ ਅਤੇ ਬੈਰਾਜ ਪ੍ਰਬੰਧਨ ਵੱਲੋਂ ਜਲ ਪੱਧਰ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ।

ਅਧਿਕਾਰੀਆਂ ਮੁਤਾਬਕ ਸ਼ਾਹਪੁਰਕੰਡੀ ਬੈਰਾਜ ਵਿੱਚ ਇਸ ਸਮੇਂ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਕਰੀਬ 2.40 ਮੀਟਰ ਹੇਠਾਂ ਹੈ, ਜਿਸ ਕਾਰਨ ਫਿਲਹਾਲ ਕਿਸੇ ਤਰ੍ਹਾਂ ਦੀ ਐਮਰਜੈਂਸੀ ਸਥਿਤੀ ਨਹੀਂ ਬਣੀ। ਫਿਰ ਵੀ ਵੱਧ ਰਹੀ ਪਾਣੀ ਦੀ ਆਮਦ ਨੂੰ ਨਿਯੰਤਰਿਤ ਕਰਨ ਲਈ ਬੈਰਾਜ ਦੇ 52 ਗੇਟਾਂ ਵਿੱਚੋਂ 4 ਗੇਟ ਖੋਲ੍ਹੇ ਗਏ ਹਨ, ਜਿਨ੍ਹਾਂ ਰਾਹੀਂ 23,000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।

ਪ੍ਰਸ਼ਾਸਨ ਨੇ ਦਰਿਆ ਕੰਢੇ ਵੱਸਦੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਖਾਸ ਤੌਰ ‘ਤੇ ਮਛੀਰੇ, ਪਸ਼ੂ ਪਾਲਕ ਅਤੇ ਦਰਿਆ ਦੇ ਨੀਵੇਂ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਪਾਣੀ ਦੇ ਤੇਜ਼ ਵਹਾਅ ਵਾਲੇ ਖੇਤਰਾਂ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿੰਚਾਈ ਵਿਭਾਗ ਵੱਲੋਂ ਹਾਲਾਤਾਂ ‘ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਸੰਭਾਵਿਤ ਖ਼ਤਰੇ ਨਾਲ ਸਮੇਂ ਸਿਰ ਨਜਿੱਠਿਆ ਜਾ ਸਕੇ।

ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿੱਚ ਵੀ ਕੁਝ ਇਲਾਕਿਆਂ ਵਿੱਚ ਦਰਮਿਆਨੀ ਤੋਂ ਭਾਰੀ ਬਾਰਿਸ਼ ਦੀ ਸੰਭਾਵਨਾ ਜਤਾਈ ਹੈ। ਇਸ ਕਾਰਨ ਡੈਮਾਂ ਵਿੱਚ ਪਾਣੀ ਦੀ ਆਮਦ ਹੋਰ ਵਧ ਸਕਦੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਮੀਂਹ ਦਾ ਸਿਲਸਿਲਾ ਜਾਰੀ ਰਹਿੰਦਾ ਹੈ ਤਾਂ ਸਥਿਤੀ ਦੇ ਅਨੁਸਾਰ ਹੋਰ ਗੇਟ ਵੀ ਖੋਲ੍ਹੇ ਜਾ ਸਕਦੇ ਹਨ।

ਫਿਲਹਾਲ ਸ਼ਾਹਪੁਰਕੰਡੀ ਬੈਰਾਜ ਅਤੇ ਰਣਜੀਤ ਸਾਗਰ ਡੈਮ ਦੀ ਸਥਿਤੀ ਨਿਯੰਤਰਣ ਹੇਠ ਹੈ ਅਤੇ ਕਿਸੇ ਵੀ ਤਰ੍ਹਾਂ ਦੇ ਤੁਰੰਤ ਖ਼ਤਰੇ ਦੀ ਸੂਚਨਾ ਨਹੀਂ ਹੈ, ਪਰ ਪ੍ਰਸ਼ਾਸਨ ਵੱਲੋਂ ਪੂਰੀ ਚੌਕਸੀ ਬਰਤੀ ਜਾ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments