ਅਹਿਮਦਾਬਾਦ : ਅਹਿਮਦਾਬਾਦ ਵਿੱਚ ਏਅਰ ਇੰਡੀਆ ਦੇ ਜਹਾਜ਼ ਦੇ ਭਿਆਨਕ ਹਾਦਸੇ ਵਿੱਚ 270 ਲੋਕਾਂ ਦੀ ਮੌਤ ਹੋਣ ਤੋਂ ਚਾਰ ਦਿਨ ਬਾਅਦ, ਹੁਣ ਤੱਕ 87 ਮ੍ਰਿਤਕਾਂ ਦੀ ਪਛਾਣ ਡੀ.ਐਨ.ਏ. ਮੈਚਿੰਗ ਰਾਹੀਂ ਕੀਤੀ ਗਈ ਹੈ ਅਤੇ 47 ਲੋਕਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ, ਅਧਿਕਾਰੀਆਂ ਨੇ ਅੱਜ , ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ । ਅਧਿਕਾਰੀ ਮ੍ਰਿਤਕਾਂ ਦੀ ਪਛਾਣ ਕਰਨ ਲਈ ਡੀ.ਐਨ.ਏ. ਟੈਸਟ ਕਰਵਾ ਰਹੇ ਹਨ ਕਿਉਂਕਿ 12 ਜੂਨ ਨੂੰ ਹੋਏ ਜਹਾਜ਼ ਹਾਦਸੇ ਵਿੱਚ ਬਹੁਤ ਸਾਰੇ ਲੋਕ ਇੰਨੇ ਬੁਰੀ ਤਰ੍ਹਾਂ ਸੜ ਗਏ ਸਨ ਕਿ ਉਨ੍ਹਾਂ ਦੀਆਂ ਲਾਸ਼ਾਂ ਦੀ ਪਛਾਣ ਨਹੀਂ ਹੋ ਸਕੀ।
ਵਧੀਕ ਸਿਵਲ ਸੁਪਰਡੈਂਟ ਡਾ: ਰਜਨੀਸ਼ ਪਟੇਲ ਨੇ ਦੱਸਿਆ, “ਹੁਣ ਤੱਕ 87 ਡੀ.ਐਨ.ਏ. ਨਮੂਨੇ ਮਿਲਾਏ ਗਏ ਹਨ, ਅਤੇ 47 ਲੋਕਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਮ੍ਰਿਤਕ ਗੁਜਰਾਤ ਦੇ ਵੱਖ-ਵੱਖ ਹਿੱਸਿਆਂ, ਜਿਵੇਂ ਕਿ ਭਰੂਚ, ਆਨੰਦ, ਜੂਨਾਗੜ੍ਹ, ਭਾਵਨਗਰ, ਵਡੋਦਰਾ, ਖੇੜਾ, ਮਹਿਸਾਣਾ, ਅਰਾਵਲੀ ਅਤੇ ਅਹਿਮਦਾਬਾਦ ਜ਼ਿ ਲ੍ਹਿਆਂ ਨਾਲ ਸਬੰਧਤ ਸਨ।” ਬੋਇੰਗ 787-8 ਡ੍ਰੀਮਲਾਈਨਰ ਜਹਾਜ਼ ਪਿਛਲੇ ਵੀਰਵਾਰ ਦੁਪਹਿਰ 1.39 ਵਜੇ ਸਰਦਾਰ ਵੱਲਭਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਅਹਿਮਦਾਬਾਦ ਦੇ ਇਕ ਮੈਡੀਕਲ ਕਾਲਜ ਕੈਂਪਸ ਵਿੱਚ ਹਾਦਸਾਗ੍ਰਸਤ ਹੋ ਗਿਆ। ਲੰਡਨ ਜਾਣ ਵਾਲੇ ਜਹਾਜ਼ ਵਿੱਚ ਸਵਾਰ 241 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਇਕ ਯਾਤਰੀ ਚਮਤਕਾਰੀ ਢੰਗ ਨਾਲ ਬਚ ਗਿਆ। ਇਸ ਹਾਦਸੇ ਵਿੱਚ 29 ਹੋਰ ਲੋਕਾਂ ਦੀ ਵੀ ਮੌਤ ਹੋਣ ਦੀ ਖ਼ਬਰ ਹੈ, ਜਿਨ੍ਹਾਂ ਵਿੱਚ ਪੰਜ ਐਮ.ਬੀ.ਬੀ.ਐਸ. ਵਿ ਦਿਆਰਥੀ ਵੀ ਸ਼ਾਮਲ ਹਨ।