ਰਾਜਸਥਾਨ : ਰਾਜਸਥਾਨ ਦੇ ਝਾਲਾਵਾੜ ਜ਼ਿਲ੍ਹੇ ਤੋਂ ਸੋਮਵਾਰ ਸਵੇਰੇ ਇਕ ਸਨਸਨੀਖੇਜ਼ ਘਟਨਾ ਸਾਹਮਣੇ ਆਈ, ਜਿੱਥੇ ਭਾਰਤੀ ਜਨਤਾ ਪਾਰਟੀ ਦੇ ਸਰਗਰਮ ਆਗੂ ਸੁਰੇਂਦਰ ਮੇਵਾੜਾ ਦਾ ਅਣਪਛਾਤੇ ਹਮਲਾਵਰਾਂ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਹ ਹਮਲਾ ਮੰਡਵਾਰ ਪਿੰਡ ਵਿੱਚ ਉਸ ਸਮੇਂ ਹੋਇਆ ਜਦੋਂ ਮੇਵਾੜਾ ਖੇਤ ਤੋਂ ਘਰ ਵਾਪਸ ਆ ਰਹੇ ਸਨ।
ਸਥਿਤੀ ਨੂੰ ਕਾਬੂ ਰਹੇ,ਇਸ ਲਈ ਪੁਲਿਸ ਫੋਰਸ ਤਾਇਨਾਤ
ਚਸ਼ਮਦੀਦਾਂ ਅਨੁਸਾਰ, ਸਵੇਰੇ 7 ਵਜੇ ਦੇ ਕਰੀਬ ਮੇਵਾੜਾ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ, ਜਿਸ ਕਾਰਨ ਉਹ ਖੂਨ ਨਾਲ ਲੱਥਪਥ ਹੋ ਕੇ ਡਿੱਗ ਪਏ। ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਤੁਰੰਤ ਝਾਲਾਵਾੜ ਦੇ ਸ਼੍ਰੀ ਰਾਜੇਂਦਰ ਹਸਪਤਾਲ ਪਹੁੰਚਾਇਆ, ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਮੰਨੀ ਜਾ ਰਹੀ ਹੈ ਪੁਰਾਣੀ ਦੁਸ਼ਮਣੀ
ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਨੇ ਮੌਕੇ ਦਾ ਮੁਆਇਨਾ ਕੀਤਾ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਦੇ ਮੁਰਦਾਘਰ ਵਿੱਚ ਰੱਖ ਦਿੱਤਾ। ਮੌਕੇ ‘ਤੇ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ, ਜਿਸ ਕਾਰਨ ਸਥਿਤੀ ਤਣਾਅਪੂਰਨ ਹੋ ਗਈ। ਪੁਲਿਸ ਨੇ ਸਾਵਧਾਨੀ ਵਜੋਂ ਹਸਪਤਾਲ ਦੇ ਅਹਾਤੇ ਵਿੱਚ ਵਾਧੂ ਫੋਰਸ ਤਾਇਨਾਤ ਕਰ ਦਿੱਤੀ ਹੈ। ਫਿਲਹਾਲ ਕਤਲ ਦਾ ਕਾਰਨ ਸਾਹਮਣੇ ਨਹੀਂ ਆਇਆ ਹੈ, ਪਰ ਪੁਲਿਸ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਮੁਲਜ਼ਮਾਂ ਦੀ ਭਾਲ ਲਈ ਟੀਮਾਂ ਬਣਾਈਆਂ ਗਈਆਂ ਹਨ ਅਤੇ ਇਲਾਕੇ ਵਿੱਚ ਨਾਕਾਬੰਦੀ ਵੀ ਕੀਤੀ ਗਈ ਹੈ।
ਤੁਹਾਨੂੰ ਦੱਸ ਦੇਈਏ ਕਿ ਸੁਰੇਂਦਰ ਮੇਵਾੜਾ ਦਾ ਨਾਮ ਪਹਿਲਾਂ ਵੀ ਮਸ਼ਹੂਰ ਸੱਤੂ ਚੌਧਰੀ ਕਤਲ ਕੇਸ ਵਿੱਚ ਸਾਹਮਣੇ ਆ ਚੁੱਕਾ ਹੈ। ਇਸ ਮਾਮਲੇ ਵਿੱਚ ਹੇਠਲੀ ਅਦਾਲਤ ਨੇ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ, ਪਰ ਬਾਅਦ ਵਿੱਚ ਉਨ੍ਹਾਂ ਨੂੰ ਹਾਈ ਕੋਰਟ ਨੇ ਜ਼ਮਾਨਤ ਦੇ ਦਿੱਤੀ ਸੀ। ਉਨ੍ਹਾਂ ਨੂੰ ਸਥਾਨਕ ਰਾਜਨੀਤੀ ਵਿੱਚ ਮਜ਼ਬੂਤ ਪਕੜ ਮੰਨਿਆ ਜਾਂਦਾ ਸੀ, ਜਿਸ ਕਾਰਨ ਇਸ ਕਤਲ ਪਿੱਛੇ ਨਿੱਜੀ ਦੁਸ਼ਮਣੀ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ।