ਲਖਨਊ : ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਮੋਹਨ ਲਾਲਗੰਜ ਇਲਾਕੇ ਵਿੱਚ ਦਿੱਲੀ ਤੋਂ ਬਿਹਾਰ ਜਾ ਰਹੀ ਇਕ ਪ੍ਰਾਈਵੇਟ ਸਲੀਪਰ ਬੱਸ ਨੂੰ ਅਚਾਨਕ ਅੱਗ ਲੱਗ ਗਈ। ਇਸ ਦਰਦਨਾਕ ਹਾਦਸੇ ਵਿੱਚ 5 ਲੋਕ ਜ਼ਿੰਦਾ ਸੜ ਗਏ, ਜਦੋਂ ਕਿ ਬੱਸ ਵਿੱਚ ਲਗਭਗ 60 ਯਾਤਰੀ ਸਵਾਰ ਸਨ। ਇਹ ਹਾਦਸਾ ਕਿਸਾਨ ਪਥ ‘ਤੇ ਤੜਕੇ ਵਾਪਰਿਆ ਜਦੋਂ ਜ਼ਿਆਦਾਤਰ ਯਾਤਰੀ ਡੂੰਘੀ ਨੀਂਦ ਵਿੱਚ ਸਨ।
10 ਮਿੰਟਾਂ ਵਿੱਚ ਸੜ ਕੇ ਸੁਆਹ ਹੋ ਗਈ ਪੂਰੀ ਬੱਸ
ਚਸ਼ਮਦੀਦਾਂ ਅਨੁਸਾਰ ਅੱਗ ਇੰਨੀ ਭਿਆਨਕ ਸੀ ਕਿ ਸਿਰਫ਼ 10 ਮਿੰਟਾਂ ਵਿੱਚ ਪੂਰੀ ਬੱਸ ਸੜ ਕੇ ਸੁਆਹ ਹੋ ਗਈ। ਅੱਗ ਦੀਆਂ ਲਪਟਾਂ ਇੰਨੀਆਂ ਤੇਜ਼ ਸਨ ਕਿ ਇਕ ਕਿਲੋਮੀਟਰ ਦੂਰ ਤੋਂ ਵੀ ਦਿਖਾਈ ਦੇ ਰਹੀਆਂ ਸਨ। ਹਾਦਸੇ ਸਮੇਂ ਹਫੜਾ-ਦਫੜੀ ਮਚ ਗਈ, ਲੋਕ ਦਰਵਾਜ਼ਿਆਂ ਅਤੇ ਖਿੜਕੀਆਂ ਵੱਲ ਭੱਜੇ, ਪਰ ਬੱਸ ਦੀ ਡਰਾਈਵਰ ਸੀਟ ਦੇ ਨੇੜੇ ਵਾਧੂ ਸੀਟ ਨੇ ਰਸਤਾ ਰੋਕ ਦਿੱਤਾ, ਜਿਸ ਕਾਰਨ ਬਹੁਤ ਸਾਰੇ ਯਾਤਰੀ ਫਸ ਗਏ ਅਤੇ ਬਾਹਰ ਨਹੀਂ ਨਿਕਲ ਸਕੇ।
ਯਾਤਰੀਆਂ ਦਾ ਬਿਆਨ: ਧੂੰਆਂ ਭਰ ਗਿਆ, ਸਾਹ ਲੈਣਾ ਮੁਸ਼ਕਲ ਹੋ ਗਿਆ
ਬੱਸ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਨੇ ਕਿਹਾ ਕਿ ਪਹਿਲਾਂ ਬੱਸ ਦੇ ਅੰਦਰ ਧੂੰਹਾਂ ਭਰਨ ਲੱਗਾ , ਜਿਸ ਕਾਰਨ ਲੋਕਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਆਉਣ ਲੱਗੀ। ਜਦੋਂ ਤੱਕ ਕੋਈ ਕੁਝ ਸਮਝ ਸਕਿਆ, ਅੱਗ ਤੇਜ਼ੀ ਨਾਲ ਫੈਲ ਗਈ ਅਤੇ ਬੱਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਕੁਝ ਯਾਤਰੀ ਸਮੇਂ ਸਿਰ ਬਾਹਰ ਨਿਕਲਣ ਵਿੱਚ ਕਾਮਯਾਬ ਹੋ ਗਏ, ਪਰ 5 ਲੋਕ ਬਾਹਰ ਨਹੀਂ ਨਿਕਲ ਸਕੇ ਅਤੇ ਜ਼ਿੰਦਾ ਸੜ ਗਏ।
ਡਰਾਈਵਰ ਸ਼ੀਸ਼ਾ ਤੋੜ ਕੇ ਭੱਜਿਆ, ਪੁਲਿਸ ਭਾਲ ‘ਚ ਜੁੱਟੀ
ਇਸ ਹਾਦਸੇ ਵਿੱਚ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਬੱਸ ਦੇ ਡਰਾਈਵਰ ਨੇ ਪਹਿਲਾਂ ਸ਼ੀਸ਼ਾ ਤੋੜਿਆ ਅਤੇ ਖੁਦ ਛਾਲ ਮਾਰ ਕੇ ਭੱਜ ਗਿਆ। ਹਾਦਸੇ ਤੋਂ ਬਾਅਦ ਉਸਦਾ ਕੋਈ ਪਤਾ ਨਹੀਂ ਲੱਗਿਆ ਹੈ। ਪੁਲਿਸ ਨੇ ਡਰਾਈਵਰ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਅਤੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
ਫਾਇਰ ਬ੍ਰਿਗੇਡ ਨੇ ਪਾਇਆ ਅੱਗ ‘ਤੇ ਕਾਬੂ , ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ
ਹਾਦਸੇ ਦੀ ਸੂਚਨਾ ਮਿਲਦੇ ਹੀ ਸਥਾਨਕ ਲੋਕ ਮੌਕੇ ‘ਤੇ ਪਹੁੰਚ ਗਏ ਅਤੇ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚੀਆਂ ਅਤੇ ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ, ਪਰ ਉਦੋਂ ਤੱਕ ਬੱਸ ਪੂਰੀ ਤਰ੍ਹਾਂ ਸੜ ਗਈ ਸੀ। 5 ਯਾਤਰੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਿਨ੍ਹਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ।
ਸ਼ਾਰਟ ਸਰਕਟ ਦਾ ਸ਼ੱਕ, ਫੋਰੈਂਸਿਕ ਜਾਂਚ ਜਾਰੀ
ਪੁਲਿਸ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਵਿੱਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ, ਪਰ ਅਸਲ ਕਾਰਨ ਫੋਰੈਂਸਿਕ ਰਿਪੋਰਟ ਆਉਣ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਬੱਸ ਦੀ ਸੀਟ ਵਿਵਸਥਾ ਅਤੇ ਐਮਰਜੈਂਸੀ ਰੂਟ ਸਹੀ ਹੁੰਦਾ ਤਾਂ ਸ਼ਾਇਦ ਇਨ੍ਹਾਂ ਲੋਕਾਂ ਦੀਆਂ ਜਾਨਾਂ ਬਚਾਈਆਂ ਜਾ ਸਕਦੀਆਂ ਸਨ।