ਨਵੀਂ ਦਿੱਲੀ : ਭਾਰਤ ਅਤੇ ਪਾਕਿਸਤਾਨ ਵਿਚਕਾਰ ਵਧਦੇ ਤਣਾਅ ਦੇ ਵਿਚਕਾਰ, ਭਾਰਤ ਸਰਕਾਰ ਨੇ ਦੋ ਪ੍ਰਮੁੱਖ ਪਾਕਿਸਤਾਨੀ ਨੇਤਾਵਾਂ ਬਿਲਾਵਲ ਭੁੱਟੋ ਜ਼ਰਦਾਰੀ (ਪੀ.ਪੀ.ਪੀ. ਪ੍ਰਧਾਨ) ਅਤੇ ਇਮਰਾਨ ਖਾਨ (ਸਾਬਕਾ ਪ੍ਰਧਾਨ ਮੰਤਰੀ ਅਤੇ ਪੀ.ਟੀ.ਆਈ. ਮੁਖੀ) ਦੇ ਐਕਸ (ਸਾਬਕਾ ਟਵਿੱਟਰ) ਅਕਾਊਂਟ ਭਾਰਤ ਵਿੱਚ ਬੈਨ ਕਰ ਦਿੱਤੇ ਹਨ। ਇਸ ਤੋਂ ਪਹਿਲਾਂ ਵੀ, ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਦੇ ਐਕਸ ਅਕਾਊਂਟ ਨੂੰ ਭਾਰਤ ਵਿੱਚ ਬੈਨ ਕਰ ਦਿੱਤਾ ਗਿਆ ਸੀ, ਜਿਨ੍ਹਾਂ ਨੇ ਭਾਰਤ ‘ਤੇ ਪ੍ਰਮਾਣੂ ਹਮਲੇ ਦੀ ਧਮਕੀ ਤੱਕ ਦਿੱਤੀ ਸੀ।
ਬਿਲਾਵਲ ਭੁੱਟੋ ਦਾ ਭੜਕਾਊ ਬਿਆਨ
ਬਿਲਾਵਲ ਭੁੱਟੋ ਜ਼ਰਦਾਰੀ ਨੇ ਇਕ ਰੈਲੀ ਵਿੱਚ ਭਾਰਤ ਵਿਰੁੱਧ ਭੜਕਾਊ ਬਿਆਨ ਦਿੰਦੇ ਹੋਏ ਕਿਹਾ ਸੀ, “ਸਿੰਧ ਸਾਡੀ ਹੈ ਅਤੇ ਸਾਡੀ ਹੀ ਰਹੇਗੀ, ਜਾਂ ਤਾਂ ਸਾਡਾ ਪਾਣੀ ਇਸ ਵਿੱਚ ਵਹੇਗਾ ਜਾਂ ਉਨ੍ਹਾਂ ਦਾ ਖੂਨ।” ਉਨ੍ਹਾਂ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਸਿੰਧ ਅਤੇ ਸਿੰਧ ਦੇ ਲੋਕਾਂ ਵਿਚਕਾਰ ਸਦੀਆਂ ਪੁਰਾਣੇ ਰਿਸ਼ਤੇ ਨੂੰ ਨਹੀਂ ਤੋੜ ਸਕਦੇ। ਉਨ੍ਹਾਂ ਭਾਰਤ ‘ਤੇ ਮੋਹਨਜੋਦੜੋ ਸਭਿਅਤਾ ‘ਤੇ ਸੱਭਿਆਚਾਰਕ ਹਮਲੇ ਦਾ ਵੀ ਦੋਸ਼ ਲਗਾਇਆ ਅਤੇ ਸਿੰਧ ਦੀ ਰੱਖਿਆ ਕਰਨ ਦੀ ਗੱਲ ਕੀਤੀ। ਇਨ੍ਹਾਂ ਬਿਆਨਾਂ ਨੂੰ ਭਾਰਤ ਵਿੱਚ ਹਮਲਾਵਰ ਅਤੇ ਭੜਕਾਊ ਮੰਨਿਆ ਗਿਆ, ਜਿਸ ਨਾਲ ਡਿਜੀਟਲ ਪਾਬੰਦੀ ਦਾ ਰਾਹ ਪੱਧਰਾ ਹੋਇਆ।
ਇਮਰਾਨ ਖਾਨ ਵਿਰੁੱਧ ਕਾਰਵਾਈ
ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ‘ਤੇ ਭਾਰਤ ਵਿਰੋਧੀ ਪ੍ਰਚਾਰ ਫੈਲਾਉਣ ਅਤੇ ਡਿਜੀਟਲ ਸਾਧਨਾਂ ਰਾਹੀਂ ਭਾਰਤੀ ਨੀਤੀ ਅਤੇ ਸਥਾਪਨਾਵਾਂ ਨੂੰ ਨਿਸ਼ਾਨਾ ਬਣਾਉਣ ਦਾ ਵੀ ਦੋਸ਼ ਹੈ। ਭਾਰਤ ਸਰਕਾਰ ਵੱਲੋਂ ਲਏ ਗਏ ਫ਼ੈੈਸਲੇ ਅਨੁਸਾਰ, ਉਨ੍ਹਾਂ ਦਾ ਐਕਸ ਅਕਾਊਂਟ ਹੁਣ ਭਾਰਤ ਵਿੱਚ ਨਹੀਂ ਦੇਖਿਆ ਜਾ ਸਕਦਾ।
ਪਾਕਿਸਤਾਨੀ ਯੂਟਿਊਬ ਚੈਨਲਾਂ ‘ਤੇ ਪਹਿਲਾਂ ਹੀ ਲਗਾਈ ਜਾ ਚੁੱਕੀ ਹੈ ਪਾਬੰਦੀ
ਇਸ ਤੋਂ ਪਹਿਲਾਂ, ਭਾਰਤ ਸਰਕਾਰ ਨੇ ਡਾਨ ਨਿਊਜ਼, ਏ.ਆਰ.ਵਾਈ. ਨਿਊਜ਼, ਬੋਲ ਨਿਊਜ਼, ਜੀ.ਓ ਨਿਊਜ਼, ਰਫ਼ਤਾਰ, ਦ ਪਾਕਿਸਤਾਨ ਰੈਫਰੈਂਸ, ਸੁਨੋ ਨਿਊਜ਼ ਐਚ.ਡੀ, ਅਮਰ ਚੀਮਾ ਐਕਸਕਲੂਸਿਵ ਅਤੇ ਕ੍ਰਿਕਟਰ ਸ਼ੋਏਬ ਅਖਤਰ ਸਮੇਤ ਕਈ ਚੈਨਲਾਂ ਨੂੰ ਭਾਰਤ ਵਿੱਚ ਬਲਾਕ ਕਰ ਦਿੱਤਾ ਸੀ। ਇਨ੍ਹਾਂ ਚੈਨਲਾਂ ‘ਤੇ ਭਾਰਤ ਵਿਰੋਧੀ ਖ਼ਬਰਾਂ ਅਤੇ ਅਫਵਾਹਾਂ ਫੈਲਾਉਣ ਦਾ ਦੋਸ਼ ਸੀ। ਇਨ੍ਹਾਂ ਚੈਨਲਾਂ ਦੇ ਕਰੋੜਾਂ ਗਾਹਕ ਹਨ, ਪਰ ਹੁਣ ਭਾਰਤੀ ਦਰਸ਼ਕਾਂ ਕੋਲ ਇਨ੍ਹਾਂ ਤੱਕ ਪਹੁੰਚ ਨਹੀਂ ਹੈ।
ਪੀ.ਐਸ.ਐਲ. ਪ੍ਰਸਾਰਣ ਵੀ ਕਰ ਦਿੱਤਾ ਗਿਆ ਬੰਦ
ਭਾਰਤ ਸਰਕਾਰ ਨੇ ਪਾਕਿਸਤਾਨ ਸੁਪਰ ਲੀਗ (ਪੀ.ਐਸ.ਐਲ.) ‘ਤੇ ਵੀ ਡਿਜੀਟਲ ਪਾਬੰਦੀ ਲਗਾ ਦਿੱਤੀ ਹੈ। ਫੈਨਕੋਡ ਐਪ ਨੇ 24 ਅਪ੍ਰੈਲ ਤੋਂ ਭਾਰਤ ਵਿੱਚ ਪੀ.ਐਸ.ਐਲ. ਦਾ ਪ੍ਰਸਾਰਣ ਬੰਦ ਕਰ ਦਿੱਤਾ ਹੈ। ਇਸ ਤੋਂ ਇਲਾਵਾ, ਸੋਨੀ ਸਪੋਰਟਸ ਨੈੱਟਵਰਕ ਨੇ ਵੀ ਪੀ.ਐਸ.ਐਲ. ਦੇ ਸਾਰੇ ਮੈਚਾਂ ਦਾ ਪ੍ਰਸਾਰਣ ਬੰਦ ਕਰ ਦਿੱਤਾ ਹੈ। ਇਹ ਕਦਮ ਸਰਹੱਦ ਪਾਰ ਤੋਂ ਸਾਈਬਰ ਅਤੇ ਵਿਚਾਰਧਾਰਾ-ਅਧਾਰਤ ਹਮਲਿਆਂ ਨੂੰ ਰੋਕਣ ਦੀ ਰਣਨੀਤੀ ਦਾ ਹਿੱਸਾ ਹੈ।
ਡਿਜੀਟਲ ਸਪੇਸ ਵਿੱਚ ਸਖ਼ਤੀ…
ਭਾਰਤ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਡਿਜੀਟਲ ਪਲੇਟਫਾਰਮਾਂ ਨੂੰ ਦੇਸ਼ ਵਿਰੋਧੀ ਪ੍ਰਚਾਰ ਲਈ ਵਰਤਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਹ ਡਿਜੀਟਲ ਕਾਰਵਾਈ ਨਾ ਸਿਰਫ਼ ਬਦਲਾ ਲੈਣ ਵਾਲੀ ਹੈ ਬਲਕਿ ਇਕ ਰਣਨੀਤਕ ਸੰਕੇਤ ਵੀ ਹੈ ਕਿ ਭਾਰਤ ਹੁਣ ਸਾਈਬਰ ਅਤੇ ਡਿਜੀਟਲ ਮੋਰਚੇ ‘ਤੇ ਹਰ ਤਰ੍ਹਾਂ ਦੇ ਮਨੋਵਿ ਗਿਆਨਕ ਯੁੱਧ ਲਈ ਤਿਆਰ ਹੈ।