ਜੰਮੂ-ਕਸ਼ਮੀਰ : ਜੰਮੂ-ਕਸ਼ਮੀਰ ਤੋਂ 178 ਹਜ ਯਾਤਰੀਆਂ ਦਾ ਪਹਿਲਾ ਜੱਥਾ ਅੱਜ ਸਾਊਦੀ ਅਰਬ ਲਈ ਰਵਾਨਾ ਹੋਇਆ। ਹਜ ਯਾਤਰੀਆਂ ਦੇ ਇਸ ਜੱਥੇ ਦੀ ਰਵਾਨਗੀ ਸਮੇਂ ਸ੍ਰੀਨਗਰ ਹਵਾਈ ਅੱਡੇ ‘ਤੇ ਉਪ ਰਾਜਪਾਲ ਮਨੋਜ ਸਿਨਹਾ ਅਤੇ ਮੁੱਖ ਮੰਤਰੀ ਉਮਰ ਅਬਦੁੱਲਾ ਵੀ ਮੌਜੂਦ ਸਨ। ਉਪ ਰਾਜਪਾਲ ਨੇ ਸ਼ਰਧਾਲੂਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਸਿਨਹਾ ਨੇ ਕਿਹਾ, “ਮੈਂ ਪਵਿੱਤਰ ਹਜ ਯਾਤਰਾ ‘ਤੇ ਜਾਣ ਵਾਲੇ ਸ਼ਰਧਾਲੂਆਂ ਨੂੰ ਆਪਣੀਆਂ ਦਿਲੋਂ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ। ਇਹ ਪਵਿੱਤਰ ਹਜ ਯਾਤਰਾ ਅੱਲ੍ਹਾ ਦਾ ਸੱਦਾ ਹੈ, ਜੋ ਕਿ ਹਰ ਕਿਸੇ ਦੇ ਜੀਵਨ ਦਾ ਸੁਪਨਾ ਹੈ। ਕੇਂਦਰ ਸਰਕਾਰ ਹਜ ਯਾਤਰੀਆਂ ਲਈ ਬਿਹਤਰ ਪ੍ਰਬੰਧ ਯਕੀਨੀ ਬਣਾਉਣ ਲਈ ਵਚਨਬੱਧ ਹੈ।”
ਮੁੱਖ ਮੰਤਰੀ ਉਮਰ ਅਬਦੁੱਲਾ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਇਕ ਸੰਦੇਸ਼ ਵਿੱਚ ਹਜ ਯਾਤਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ, “ਅੱਜ ਮੈਨੂੰ ਸ਼੍ਰੀਨਗਰ ਦੇ ਸ਼ੇਖ-ਉਲ-ਆਲਮ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 178 ਹਜ ਯਾਤਰੀਆਂ ਦੇ ਪਹਿਲੇ ਜੱਥੇ ਨੂੰ ਗਰਮਜੋਸ਼ੀ ਨਾਲ ਵਿਦਾਈ ਦੇਣ ਦਾ ਸੁਭਾਗ ਪ੍ਰਾਪਤ ਹੋਇਆ। ਮੈਂ ਉਨ੍ਹਾਂ ਦੀ ਸੁਰੱਖਿਅਤ ਅਤੇ ਸਫ਼ਲ ਯਾਤਰਾ ਦੀ ਕਾਮਨਾ ਕੀਤੀ ਅਤੇ ਉਨ੍ਹਾਂ ਨੂੰ ਨਿਮਰਤਾ ਨਾਲ ਬੇਨਤੀ ਕੀਤੀ ਕਿ ਉਹ ਸਾਡੇ ਖੇਤਰ ਵਿੱਚ ਸ਼ਾਂਤੀ ਅਤੇ ਖੁਸ਼ਹਾਲੀ ਲਈ ਪ੍ਰਾਰਥਨਾ ਕਰਨ।” ਇਸ ਸਾਲ, ਜੰਮੂ-ਕਸ਼ਮੀਰ ਤੋਂ ਲਗਭਗ 3,622 ਸ਼ਰਧਾਲੂ ਹਜ ਯਾਤਰਾ ਲਈ ਜਾ ਰਹੇ ਹਨ। ਸ੍ਰੀਨਗਰ ਹਵਾਈ ਅੱਡੇ ਤੋਂ 4 ਮਈ ਤੋਂ 15 ਮਈ ਤੱਕ 11 ਉਡਾਣਾਂ ਚਲਾਈਆਂ ਜਾਣਗੀਆਂ, ਜਿਨ੍ਹਾਂ ਵਿੱਚ ਜੰਮੂ-ਕਸ਼ਮੀਰ ਤੋਂ ਲਗਭਗ 3,132 ਯਾਤਰੀ ਅਤੇ ਲੱਦਾਖ ਤੋਂ 242 ਯਾਤਰੀ ਸਾਊਦੀ ਅਰਬ ਜਾਣਗੇ।