ਪੰਜਾਬ : ਦੇਸ਼ ਭਰ ਦੇ ਲੱਖਾਂ ਵਿਦਿਆਰਥੀ ਸੀ.ਬੀ.ਐਸ.ਈ (CBSE) ਬੋਰਡ ਦੇ ਨਤੀਜਿਆਂ ਦੀ ਉਡੀਕ ਕਰ ਰਹੇ ਹਨ। ਇਸ ਦੌਰਾਨ, ਨਤੀਜਿਆਂ ਸੰਬੰਧੀ ਪੋਸਟਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਇਸ ਪੋਸਟ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਸੀ.ਬੀ.ਐਸ.ਈ 10ਵੀਂ ਦਾ ਨਤੀਜਾ 6 ਮਈ ਨੂੰ ਐਲਾਨਿਆ ਜਾਵੇਗਾ। ਸੀ.ਬੀ.ਐਸ.ਈ ਨੇ ਇਸ ਦਾਅਵੇ ਦਾ ਖੰਡਨ ਕੀਤਾ ਹੈ ਅਤੇ ਕਿਹਾ ਹੈ ਕਿ 10ਵੀਂ ਜਮਾਤ ਦੇ ਨਤੀਜੇ 6 ਮਈ ਨੂੰ ਐਲਾਨੇ ਜਾਣ ਵਾਲਾ ਨੋਟਿਸ ਫਰਜ਼ੀ ਹੈ।
ਸੀ.ਬੀ.ਐਸ.ਈ ਦੇ ਨੋਟਿਸ ਵਿੱਚ ਕਿਹਾ ਗਿਆ ਹੈ ਕਿ 2 ਮਈ, 2025 ਦਾ ਇੱਕ ਪੱਤਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਜੋ ਕਿ ਫਰਜ਼ੀ ਹੈ। 2025 ਵਿੱਚ ਐਲਾਨੇ ਜਾਣ ਵਾਲੇ 10ਵੀਂ/12ਵੀਂ ਦੇ ਨਤੀਜੇ ਬਾਰੇ ਅਜੇ ਕੋਈ ਅਧਿਕਾਰਤ ਐਲਾਨ ਨਹੀਂ ਹੋਇਆ ਹੈ। ਆਮ ਤੌਰ ‘ਤੇ ਸੀਬੀਐਸਈ 10ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਇੱਕੋ ਦਿਨ ਐਲਾਨ ਕਰਦਾ ਹੈ। ਇਸ ਕਾਰਨ, ਵਿਦਿਆਰਥੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਨਤੀਜਿਆਂ ਲਈ ਬੋਰਡ ਦੀਆਂ ਅਧਿਕਾਰਤ ਵੈੱਬਸਾਈਟਾਂ cbse.gov.in, cbseresults.nic.in ਅਤੇ results.cbse.nic.in ਨੂੰ ਨਿਯਮਿਤ ਤੌਰ ‘ਤੇ ਦੇਖਣ।