ਅੰਬਾਲਾ : ਅੰਬਾਲਾ ਅਤੇ ਚੰਡੀਗੜ੍ਹ ਰੇਲਵੇ ਪੁਲਿਸ ਨੇ ਇਕ ਮਹੱਤਵਪੂਰਨ ਕਾਰਵਾਈ ਕਰਦਿਆਂ ਰੇਲ ਗੱਡੀਆਂ ਵਿੱਚ ਚੋਰੀ ਕਰਨ ਵਾਲੇ ਚਾਰ ਮੈਂਬਰਾਂ ਦੇ ਗਿਰੋਹ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਗਿਰੋਹ ਰੇਲਵੇ ਸਟੇਸ਼ਨਾਂ ‘ਤੇ ਯਾਤਰੀਆਂ ਦਾ ਸਾਮਾਨ ਚੋਰੀ ਕਰ ਰਿਹਾ ਸੀ। ਪੁਲਿਸ ਨੇ ਉਨ੍ਹਾਂ ਕੋਲੋਂ ਅੱਠ ਲੈਪਟਾਪ ਅਤੇ ਕੁਝ ਘੜੀਆਂ ਬਰਾਮਦ ਕੀਤੀਆਂ ਹਨ।
ਹਾਲ ਹੀ ਦੇ ਦਿਨਾਂ ‘ਚ ਰੇਲਵੇ ਸਟੇਸ਼ਨਾਂ ‘ਤੇ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਸਨ। ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ‘ਚ ਰੱਖਦੇ ਹੋਏ ਰੇਲਵੇ ਪੁਲਿਸ ਨੇ ਇਸ ਗਿਰੋਹ ਖ਼ਿਲਾਫ਼ ਕਾਰਵਾਈ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਗਿਰੋਹ ਹਰਿਆਣਾ ਅਤੇ ਪੰਜਾਬ ਦੇ ਵੱਖ-ਵੱਖ ਰੇਲਵੇ ਸਟੇਸ਼ਨਾਂ ‘ਤੇ ਸਰਗਰਮ ਸੀ ਅਤੇ ਉਨ੍ਹਾਂ ਦੀਆਂ ਗਤੀਵਿਧੀਆਂ ਨੇ ਯਾਤਰੀਆਂ ਵਿਚ ਚਿੰਤਾ ਪੈਦਾ ਕਰ ਦਿੱਤੀ ਸੀ।
ਅੰਬਾਲਾ ਅਤੇ ਚੰਡੀਗੜ੍ਹ ਜੀ.ਆਰ.ਪੀ. ਨੇ ਸਾਂਝੇ ਤੌਰ ‘ਤੇ ਇਕ ਮੁਹਿੰਮ ਚਲਾਈ ਜਿਸ ਤਹਿਤ ਚਾਰ ਚੋਰਾਂ ਨੂੰ ਫੜਿਆ ਗਿਆ। ਇਹ ਕਾਰਵਾਈ ਜੀ.ਆਰ.ਪੀ. ਚੰਡੀਗੜ੍ਹ ਅਤੇ ਜੀ.ਆਰ.ਪੀ. ਸੀ.ਆਈ.ਏ. ਅੰਬਾਲਾ ਨੇ ਇੰਚਾਰਜ ਬਿਲਾਇਤੀ ਰਾਮ ਨੂੰ ਮਿਲੀ ਸੂਚਨਾ ਦੇ ਆਧਾਰ ‘ਤੇ ਕੀਤੀ ਕਿ ਉਨ੍ਹਾਂ ਨੂੰ ਲੁਧਿਆਣਾ, ਰਾਜਪੁਰਾ, ਅੰਬਾਲਾ ਅਤੇ ਚੰਡੀਗੜ੍ਹ ਰੇਲਵੇ ਸਟੇਸ਼ਨਾਂ ‘ਤੇ ਚੋਰੀ ਦੀਆਂ ਘਟਨਾਵਾਂ ਬਾਰੇ ਜਾਣਕਾਰੀ ਮਿਲ ਰਹੀ ਸੀ।