Home ਦੇਸ਼ ਮੇਰਠ ‘ਚ ਈਦ ਦੇ ਮੌਕੇ ‘ਤੇ ਮੁਸਲਿਮ ਭਾਈਚਾਰੇ ਦੇ ਦੋ ਸਮੂਹਾਂ ਵਿਚਾਲੇ...

ਮੇਰਠ ‘ਚ ਈਦ ਦੇ ਮੌਕੇ ‘ਤੇ ਮੁਸਲਿਮ ਭਾਈਚਾਰੇ ਦੇ ਦੋ ਸਮੂਹਾਂ ਵਿਚਾਲੇ ਵਧਿਆ ਤਣਾਅ

0

ਮੇਰਠ : ਈਦ ਦੇ ਮੌਕੇ ‘ਤੇ ਮੇਰਠ ਦੇ ਜਾਨੀ ਥਾਣਾ ਖੇਤਰ ਦੇ ਕਸਬੇ ਸਿਵਲਖਸ ‘ਚ ਮੁਸਲਿਮ ਭਾਈਚਾਰੇ ਦੇ ਦੋ ਸਮੂਹਾਂ ਵਿਚਾਲੇ ਤਣਾਅ ਵਧ ਗਿਆ। ਬੱਚਿਆਂ ਵਿਚਾਲੇ ਬਹਿਸ ਜਲਦੀ ਹੀ ਬਜ਼ੁਰਗਾਂ ਵਿਚਾਲੇ ਟਕਰਾਅ ਵਿਚ ਬਦਲ ਗਈ। ਮਾਮਲਾ ਇੰਨਾ ਵਧ ਗਿਆ ਕਿ ਪੱਥਰਬਾਜ਼ੀ ਅਤੇ ਹਮਲੇ ਤੋਂ ਬਾਅਦ ਗੋਲੀਆਂ ਵੀ ਚਲਾਈਆਂ ਗਈਆਂ। ਇਸ ਹਿੰਸਾ ਵਿੱਚ ਲਗਭਗ ਅੱਧਾ ਦਰਜਨ ਲੋਕ ਜ਼ਖਮੀ ਹੋਏ । ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਵਿੱਚ ਕੀਤਾ।

ਹਾਲਾਂਕਿ, ਅਜੇ ਤੱਕ ਕਿਸੇ ਵੀ ਧਿਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ। ਜਿਵੇਂ ਹੀ ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ, ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ। ਹਾਪੁੜ ਵਿੱਚ ਵੀ ਈਦ ਦੀ ਨਮਾਜ਼ ਦੌਰਾਨ ਤਣਾਅ ਦੇਖਿਆ ਗਿਆ। ਇੱਥੇ ਪਲਿਸ ਨੇ ਈਦਗਾਹ ਵਿੱਚ ਜਗ੍ਹਾ ਭਰਨ ਤੋਂ ਬਾਅਦ ਲੋਕਾਂ ਨੂੰ ਰੋਕ ਦਿੱਤਾ, ਜਿਸ ਨਾਲ ਨਮਾਜ਼ੀਆਂ ਵਿੱਚ ਨਾਰਾਜ਼ਗੀ ਪੈਦਾ ਹੋ ਗਈ। ਦੋਵਾਂ ਧਿਰਾਂ ਵਿਚਾਲੇ ਬਹਿਸ ਕੁਝ ਸਮੇਂ ਤੱਕ ਜਾਰੀ ਰਹੀ, ਪਰ ਪੁਲਿਸ ਦੇ ਸਮਝਾਉਣ ਤੋਂ ਬਾਅਦ ਸਥਿਤੀ ਆਮ ਹੋ ਗਈ ਅਤੇ ਸ਼ਰਧਾਲੂ ਵਾਪਸ ਆ ਗਏ।

ਸਹਾਰਨਪੁਰ ‘ਚ ਫਲਸਤੀਨ ਦਾ ਝੰਡਾ ਲਹਿਰਾਉਣ ਨਾਲ ਵਧਿਆ ਤਣਾਅ
ਸਹਾਰਨਪੁਰ ‘ਚ ਈਦ ਦੀ ਨਮਾਜ਼ ਤੋਂ ਬਾਅਦ ਲੋਕਾਂ ਦੇ ਇਕ ਸਮੂਹ ਨੇ ਫਲਸਤੀਨੀ ਝੰਡੇ ਲਹਿਰਾਏ, ਜਿਸ ਕਾਰਨ ਮਾਹੌਲ ਗਰਮ ਹੋ ਗਿਆ ਅਤੇ ਝੜਪਾਂ ਦੌਰਾਨ ਕੁਝ ਲੋਕ ਜ਼ਖਮੀ ਹੋ ਗਏ। ਕੁਝ ਸ਼ਰਧਾਲੂਆਂ ਨੇ ਆਪਣੇ ਹੱਥਾਂ ‘ਤੇ ਕਾਲੀ ਪੱਟੀਆਂ ਵੀ ਬੰਨ੍ਹੀਆਂ ਜਿਸ ਨਾਲ ਸਥਾਨਕ ਪ੍ਰਸ਼ਾਸਨ ਸਤਰਕ ਹੋ ਗਿਆ । ਇਸ ਘਟਨਾ ਤੋਂ ਬਾਅਦ ਪੁਲਿਸ ਨੇ ਇਲਾਕੇ ‘ਚ ਸੁਰੱਖਿਆ ਸਖਤ ਕਰ ਦਿੱਤੀ ਹੈ।

ਮੁਰਾਦਾਬਾਦ ‘ਚ ਪੁਲਿਸ ਤੇ ਸ਼ਰਧਾਲੂਆਂ ਵਿਚਾਲੇ ਝੜਪ
ਮੁਰਾਦਾਬਾਦ ‘ਚ ਈਦਗਾਹ ‘ਚ ਨਮਾਜ਼ ਅਦਾ ਕਰਨ ਵਾਲੇ ਲੋਕਾਂ ਅਤੇ ਪੁਲਿਸ ਵਿਚਾਲੇ ਝੜਪ ਹੋ ਗਈ। ਪੁਲਿਸ ਨੇ ਸੜਕਾਂ ‘ਤੇ ਘੁੰਮਕੇ ਐਲਾਨ ਕੀਤਾ ਕਿ ਸਾਰਿਆਂ ਨੂੰ ਜਲਦੀ ਈਦਗਾਹ ਪਹੁੰਚਣਾ ਚਾਹੀਦਾ ਹੈ ਕਿਉਂਕਿ ਨਮਾਜ਼ ਸ਼ੁਰੂ ਹੋਣ ਵਿੱਚ ਕੁਝ ਹੀ ਮਿੰਟ ਬਚੇ ਹਨ। ਇਸ ਐਲਾਨ ਤੋਂ ਬਾਅਦ ਨਮਾਜ਼ੀਆਂ ਨੇ ਸੜਕਾਂ ਤੋਂ ਈਦਗਾਹ ਵੱਲ ਭੱਜਣਾ ਸ਼ੁਰੂ ਕਰ ਦਿੱਤਾ। ਹਾਲਾਂਕਿ, ਸਥਿਤੀ ਨੂੰ ਕਾਬੂ ਕਰ ਲਿਆ ਗਿਆ ਅਤੇ ਕਿਸੇ ਅਣਸੁਖਾਵੀਂ ਘਟਨਾ ਦੀ ਖ਼ਬਰ ਨਹੀਂ ਹੈ।

ਪੁਲਿਸ ਨੇ ਸੁਰੱਖਿਆ ਕੀਤੀ ਸਖਤ
ਇਨ੍ਹਾਂ ਘਟਨਾਵਾਂ ਦੇ ਮੱਦੇਨਜ਼ਰ ਯੂ.ਪੀ ਪੁਲਿਸ ਨੇ ਸੁਰੱਖਿਆ ਪ੍ਰਬੰਧ ਹੋਰ ਸਖਤ ਕਰ ਦਿੱਤੇ ਹਨ। ਸੰਵੇਦਨਸ਼ੀਲ ਇਲਾਕਿਆਂ ਵਿੱਚ ਵਾਧੂ ਪੁਲਿਸ ਬਲ ਤਾਇਨਾਤ ਕੀਤੇ ਗਏ ਹਨ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਪੁਲਿਸ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਸਥਾਨਕ ਪ੍ਰਸ਼ਾਸਨ ਅਤੇ ਧਾਰਮਿਕ ਆਗੂਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਈਦ ਸ਼ਾਂਤਮਈ ਢੰਗ ਨਾਲ ਮਨਾਉਣ ਅਤੇ ਅਫਵਾਹਾਂ ‘ਤੇ ਧਿਆਨ ਨਾ ਦੇਣ। ਇਸ ਦੇ ਨਾਲ ਹੀ ਪੁਲਿਸ ਨੇ ਸੋਸ਼ਲ ਮੀਡੀਆ ‘ਤੇ ਭੜਕਾਊ ਪੋਸਟ ਕਰਨ ਵਾਲਿਆਂ ਖ਼ਿਲਾਫ਼ ਸਖਤ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ।

Exit mobile version