ਮੁੰਬਈ : ਈਦ ਦੇ ਮੌਕੇ ‘ਤੇ ਮੁੰਬਈ ਦੇ ਭਿੰਡੀ ਬਾਜ਼ਾਰ ‘ਚ ਬੋਹਰਾ ਅਤੇ ਸੁੰਨੀ ਭਾਈਚਾਰੇ ਦੇ ਲੋਕ ਆਪਸ ‘ਚ ਭਿੜ ਗਏ। ਦੱਸਿਆ ਜਾ ਰਿਹਾ ਹੈ ਕਿ 29 ਮਾਰਚ ਦੀ ਸ਼ਾਮ ਨੂੰ ਜਦੋਂ ਦੋਵਾਂ ਭਾਈਚਾਰਿਆਂ ਦੇ ਲੋਕ ਨਮਾਜ਼ ਅਦਾ ਕਰਨ ਜਾ ਰਹੇ ਸਨ ਤਾਂ ਰਸਤੇ ਨੂੰ ਲੈ ਕੇ ਵਿਵਾਦ ਹੋ ਗਿਆ। ਕੁਝ ਹੀ ਸਮੇਂ ‘ਚ ਬਹਿਸ ਝਗੜੇ ‘ਚ ਬਦਲ ਗਈ। ਪੁਲਿਸ ਦੀ ਮੌਜੂਦਗੀ ਦੇ ਬਾਵਜੂਦ ਦੋਵਾਂ ਧਿਰਾਂ ਵਿਚਾਲੇ ਝੜਪਾਂ ਜਾਰੀ ਰਹੀਆਂ। ਮੁੱਢਲੀ ਜਾਣਕਾਰੀ ਮੁਤਾਬਕ ਭੀੜ ਜ਼ਿਆਦਾ ਹੋਣ ਅਤੇ ਆਉਣ-ਜਾਣ ਦਾ ਰਸਤਾ ਘੱਟ ਹੋਣ ਕਾਰਨ ਵਿਵਾਦ ਹੋਇਆ ।
ਫੂਲ ਗਲੀ ਦੀ ਮਸਜਿਦ ਵਿੱਚ ਜਾਣ ਵਾਲਿਆ ਨੂੰ ਦਿੱਕਤ ਹੋ ਰਹੀ ਸੀ , ਜਿਸ ਕਾਰਨ ਦੋਵਾਂ ਧਿਰਾਂ ਵਿਚਾਲੇ ਝਗੜਾ ਹੋ ਗਿਆ ਅਤੇ ਫਿਰ ਟਕਰਾਅ ‘ਚ ਬਦਲ ਗਿਆ। ਇਸ ਖੇਤਰ ਵਿੱਚ ਬੋਹਰਾ ਭਾਈਚਾਰੇ ਦੀ ਵੱਡੀ ਇਬਾਦਤਗਾਹ ਸਥਿਤ ਹੈ , ਜਿਸ ਕਾਰਨ ਇੱਥੇ ਭੀੜ ਜਿਆਦਾ ਹੁੰਦੀ ਹੈ । ਸੋਸ਼ਲ ਮੀਡੀਆ ‘ਤੇ ਝੜਪ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਮੁੰਬਈ ਦੇ ਜੇ.ਜੇ ਮਾਰਗ ਥਾਣੇ ਵਿੱਚ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਪੁਲਿਸ ਮਾਮਲੇ ਦੀ ਵਿਸਥਾਰਤ ਜਾਂਚ ਕਰ ਰਹੀ ਹੈ। ਫਿਲਹਾਲ ਇਲਾਕਾ ਸ਼ਾਂਤੀਪੂਰਨ ਹੈ।
ਹਿੰਦੂ-ਮੁਸਲਿਮ ਏਕਤਾ ਦੀ ਮਿਸਾਲ ਬਣੀ ਜੈਪੁਰ ਦੀ ਈਦ
ਅੱਜ ਸਵੇਰੇ ਜਦੋਂ ਮੁਸਲਿਮ ਭਾਈਚਾਰੇ ਦੇ ਲੋਕ ਨਮਾਜ਼ ਅਦਾ ਕਰ ਰਹੇ ਸਨ ਤਾਂ ਕੇਸਰੀ ਕੱਪੜੇ ਪਹਿਨੇ ਕੁਝ ਹਿੰਦੂ ਸ਼ਰਧਾਲੂ ਉੱਥੇ ਪਹੁੰਚੇ ਅਤੇ ਉਨ੍ਹਾਂ ‘ਤੇ ਫੁੱਲਾਂ ਦੀ ਵਰਖਾ ਕੀਤੀ। ਇਸ ਭਾਵਨਾਤਮਕ ਦ੍ਰਿਸ਼ ਨੂੰ ਦੇਖ ਕੇ ਕਈ ਲੋਕ ਭਾਵੁਕ ਹੋ ਗਏ ਅਤੇ ਇਸ ਨੂੰ ਗੰਗਾ-ਜਮੁਨੀ ਤਹਿਜ਼ੀਬ ਦੀ ਮਜ਼ਬੂਤ ਉਦਾਹਰਣ ਦੱਸਿਆ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਲੋਕ ਇਸ ਦੀ ਸ਼ਲਾਘਾ ਕਰ ਰਹੇ ਹਨ।
ਪੁਲਿਸ ਨੇ ਸੁਰੱਖਿਆ ਸਖਤ ਕੀਤੀ
ਇਨ੍ਹਾਂ ਘਟਨਾਵਾਂ ਦੇ ਮੱਦੇਨਜ਼ਰ ਯੂ.ਪੀ, ਰਾਜਸਥਾਨ ਅਤੇ ਮੁੰਬਈ ਪੁਲਿਸ ਨੇ ਸੁਰੱਖਿਆ ਪ੍ਰਬੰਧ ਸਖਤ ਕਰ ਦਿੱਤੇ ਹਨ। ਸੰਵੇਦਨਸ਼ੀਲ ਇਲਾਕਿਆਂ ਵਿੱਚ ਵਾਧੂ ਪੁਲਿਸ ਬਲ ਤਾਇਨਾਤ ਕੀਤੇ ਗਏ ਹਨ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਪੁਲਿਸ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਈਦ ਸ਼ਾਂਤੀਪੂਰਵਕ ਮਨਾਉਣ ਦੀ ਅਪੀਲ
ਸਥਾਨਕ ਪ੍ਰਸ਼ਾਸਨ ਅਤੇ ਧਾਰਮਿਕ ਆਗੂਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਈਦ ਸ਼ਾਂਤਮਈ ਢੰਗ ਨਾਲ ਮਨਾਉਣ ਅਤੇ ਅਫਵਾਹਾਂ ‘ਤੇ ਧਿਆਨ ਨਾ ਦੇਣ। ਇਸ ਦੇ ਨਾਲ ਹੀ ਪੁਲਿਸ ਨੇ ਸੋਸ਼ਲ ਮੀਡੀਆ ‘ਤੇ ਭੜਕਾਊ ਪੋਸਟ ਕਰਨ ਵਾਲਿਆਂ ਖ਼ਿਲਾਫ਼ ਸਖਤ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ।