ਜੰਮੂ-ਕਸ਼ਮੀਰ : ਸੁਰੱਖਿਆ ਬਲਾਂ ਨੇ ਬੀਤੇ ਦਿਨ ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੇ ਇੱਕ ਦੂਰ-ਦੁਰਾਡੇ ਜੰਗਲੀ ਖੇਤਰ ਵਿੱਚ ਪੂਰੇ ਦਿਨ ਚੱਲੇ ਮੁਕਾਬਲੇ ਵਿੱਚ ਤਿੰਨ ਅਤਿਵਾਦੀਆਂ ਨੂੰ ਮਾਰ ਦਿੱਤਾ। ਹਾਲਾਂਕਿ, ਜੰਮੂ-ਕਸ਼ਮੀਰ ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ ਦੇ ਤਿੰਨ ਜਵਾਨ ਵੀ ਮੁਕਾਬਲੇ ਵਿੱਚ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ ਦੀ ਇਲਾਜ ਦੌਰਾਨ ਮੌਤ ਹੋ ਗਈ।
ਤਿੰਨ ਸ਼ਹੀਦ ਸੈਨਿਕਾਂ ਦੇ ਨਾਮ ਤਾਰਿਕ ਅਹਿਮਦ, ਜਸਵੰਤ ਸਿੰਘ, ਬਲਵਿੰਦਰ ਸਿੰਘ ਹਨ। ਉਨ੍ਹਾਂ ਨੂੰ ਜੰਮੂ ਮੈਡੀਕਲ ਕਾਲਜ (ਜੇ.ਐਮ.ਸੀ) ਰੈਫ਼ਰ ਕਰ ਦਿੱਤਾ ਗਿਆ। ਜੰਮੂ-ਕਸ਼ਮੀਰ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ (SOG) ਦੇ ਇਨ੍ਹਾਂ ਜਵਾਨਾਂ ਦੇ ਪੇਟ ਵਿੱਚ ਗੋਲੀ ਲੱਗੀ ਸੀ। ਡਿਪਟੀ ਐਸ.ਪੀ ਧੀਰਜ ਸਿੰਘ ਅਤੇ ਮੁਕਾਬਲੇ ਵਿੱਚ ਜ਼ਖ਼ਮੀ ਹੋਏ ਹੋਰ ਲੋਕਾਂ ਨੂੰ ਊਧਮਪੁਰ ਭੇਜਿਆ ਗਿਆ ਹੈ। ਸੁਰੱਖਿਆ ਬਲਾਂ ਨੇ ਦੱਸਿਆ ਕਿ ਕਠੂਆ ਜ਼ਿਲ੍ਹੇ ਦੇ ਰਾਜਬਾਗ ਵਿੱਚ ਬੀਤੇ ਦਿਨ ਗੋਲੀਬਾਰੀ ਸ਼ੁਰੂ ਹੋਈ।
ਰਾਜਬਾਗ ਦੇ ਘਾਟੀ ਜੁਥਾਨਾ ਇਲਾਕੇ ਦੇ ਜਾਖੋਲੇ ਪਿੰਡ ਵਿੱਚ ਲਗਭਗ 9 ਅਤਿਵਾਦੀਆਂ ਦੇ ਲੁਕੇ ਹੋਣ ਦੀ ਖ਼ਬਰ ਸੀ। ਅਤਿਵਾਦੀਆਂ ਨੂੰ ਫੜਨ ਲਈ SOG, &Oj, BSF ਅਤੇ CRPF ਦੀ ਸਾਂਝੀ ਟੀਮ ਨੇ ਥਰਮਲ ਇਮੇਜਿੰਗ, ਡਰੋਨ, ਹੈਲੀਕਾਪਟਰਾਂ, ਬੁਲੇਟਪਰੂਫ ਵਾਹਨਾਂ ਅਤੇ ਸਨਿਫਰ ਕੁੱਤਿਆਂ ਦੀ ਮਦਦ ਨਾਲ ਇੱਕ ਤਲਾਸ਼ੀ ਮੁਹਿੰਮ ਚਲਾਈ। ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਰਾਤ ਲਈ ਕਾਰਵਾਈ ਰੋਕ ਦਿੱਤੀ ਸੀ ਅਤੇ ਇਸ ਲਈ ਅਤਿਵਾਦੀਆਂ ਦੀਆਂ ਲਾਸ਼ਾਂ ਅਜੇ ਤਕ ਬਰਾਮਦ ਨਹੀਂ ਕੀਤੀਆਂ ਜਾ ਸਕੀਆਂ।