ਪੰਜਾਬ : ਪੰਜਾਬ ਸਰਕਾਰ ਨੇ ਸਾਲ 2024-25 ਲਈ ਪ੍ਰਾਪਰਟੀ ਟੈਕਸ ਬਿਨਾਂ ਵਿਆਜ ਦੇ ਜਮ੍ਹਾਂ ਕਰਵਾਉਣ ‘ਤੇ 31 ਮਾਰਚ 2025 ਤੱਕ ਛੋਟ ਦੇ ਦਿੱਤੀ ਹੈ। ਇਸ ਲਈ ਆਮ ਲੋਕਾਂ ਦੀ ਸਹੂਲਤ ਅਤੇ ਨਗਰ ਨਿਗਮ ਦੇ ਵਿੱਤੀ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਵੱਖ-ਵੱਖ ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਦੇ ਦਫ਼ਤਰ ਇਸ ਸ਼ਨੀਵਾਰ ਅਤੇ ਐਤਵਾਰ ਦੇ ਨਾਲ-ਨਾਲ 31 ਮਾਰਚ ਨੂੰ ਖੁੱਲ੍ਹੇ ਰੱਖਣ ਦਾ ਫ਼ੈੈਸਲਾ ਕੀਤਾ ਗਿਆ ਹੈ। ਹਾਲਾਂਕਿ ਸੂਬੇ ‘ਚ 31 ਮਾਰਚ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਪਰ ਇਨ੍ਹਾਂ ਦਫ਼ਤਰਾਂ ‘ਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਵੀ ਦਫ਼ਤਰਾਂ ‘ਚ ਆਉਣਾ ਹੋਵੇਗਾ।
ਇਸ ਦੇ ਤਹਿਤ ਲੁਧਿਆਣਾ ਦੇ ਸਾਰੇ ਜ਼ੋਨਾਂ ਦੇ ਸੁਵਿਧਾ ਕੇਂਦਰ ਅਤੇ ਪਾਣੀ, ਸੀਵਰੇਜ/ਨਿਪਟਾਰਾ ਦਫਤਰ ਆਉਣ ਵਾਲੇ ਦਿਨਾਂ ਵਿੱਚ ਨਿਰੰਤਰ ਖੁੱਲ੍ਹੇ ਰਹਿਣਗੇ। ਇਹ ਦਫ਼ਤਰ ਸ਼ਨੀਵਾਰ-ਐਤਵਾਰ ਅਤੇ ਤਿਉਹਾਰਾਂ ‘ਤੇ ਕੰਮ ਕਰਦੇ ਰਹਿਣਗੇ। ਇਸ ਸਬੰਧੀ ਕਰਮਚਾਰੀਆਂ ਨੂੰ ਲਿਖਤੀ ਆਦੇਸ਼ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ। ਲੁਧਿਆਣਾ ਨਗਰ ਨਿਗਮ ਦੇ ਕਮਿਸ਼ਨਰ ਆਦਿੱਤਿਆ ਡੱਚਲਵਾਲ ਵੱਲੋਂ ਜਾਰੀ ਹੁਕਮਾਂ ਅਨੁਸਾਰ ਉਕਤ ਦਫ਼ਤਰ 29 ਮਾਰਚ, ਐਤਵਾਰ 30 ਮਾਰਚ ਅਤੇ 31 ਮਾਰਚ ਯਾਨੀ ਈਦ-ਉਲ-ਫਿਤਰ ਦੇ ਦਿਨ ਆਮ ਵਾਂਗ ਖੁੱਲ੍ਹੇ ਰਹਿਣਗੇ। ਹੁਕਮਾਂ ਮੁਤਾਬਕ ਇਨ੍ਹਾਂ ਦਫਤਰਾਂ ‘ਚ ਕੰਮ ਕਰਨ ਵਾਲੇ ਕਰਮਚਾਰੀ ਆਉਣ ਵਾਲੇ ਦਿਨਾਂ ‘ਚ ਇਨ੍ਹਾਂ ਛੁੱਟੀਆਂ ਨੂੰ ਐਡਜਸਟ ਕਰ ਸਕਣਗੇ।