ਨਾਗਪੁਰ : ਨਾਗਪੁਰ ਹਿੰਸਾ ਦੇ ਮੁੱਖ ਦੋਸ਼ੀ ਫਹੀਮ ਖਾਨ ਦੇ ਘਰ ‘ਤੇ ਪ੍ਰਸ਼ਾਸਨ ਨੇ ਬੁਲਡੋਜ਼ਰ ਚਲਾ ਦਿੱਤਾ ਹੈ । ਮਹਾਰਾਸ਼ਟਰ ਦੇ ਨਾਗਪੁਰ ਨਗਰ ਨਿਗਮ ਨੇ ਇਹ ਕਾਰਵਾਈ ਗੈਰ-ਕਾਨੂੰਨੀ ਉਸਾਰੀ ਨੂੰ ਹਟਾਉਣ ਲਈ ਕੀਤੀ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਫਹੀਮ ਖਾਨ ਦੇ ਘਰ ਦਾ ਕੁਝ ਹਿੱਸਾ ਬਿਨਾਂ ਇਜਾਜ਼ਤ ਦੇ ਬਣਾਇਆ ਗਿਆ ਸੀ, ਜਿਸ ਕਾਰਨ ਇਹ ਕਾਰਵਾਈ ਕੀਤੀ ਗਈ।
ਕੁਝ ਦਿਨ ਪਹਿਲਾਂ ਨਾਗਪੁਰ ਵਿੱਚ ਹਿੰਸਾ ਭੜਕ ਗਈ ਸੀ ਜਦੋਂ ਹਿੰਦੂਤਵ ਸੰਗਠਨਾਂ ਨੇ ਔਰੰਗਜ਼ੇਬ ਦੀ ਕਬਰ ਹਟਾਉਣ ਦੀ ਮੰਗ ਨੂੰ ਲੈ ਕੇ ਮਹਾਰਾਸ਼ਟਰ ਦੇ ਸੰਭਾਜੀਨਗਰ ਵਿੱਚ ਪ੍ਰਦਰਸ਼ਨ ਕੀਤਾ ਸੀ। ਇਸ ਦੌਰਾਨ ਮੁਸਲਿਮ ਭਾਈਚਾਰੇ ਦੀ ਪਵਿੱਤਰ ਕਿਤਾਬ (ਕੁਰਾਨ) ਨੂੰ ਸਾੜਨ ਦੀਆਂ ਅਫਵਾਹਾਂ ਫੈਲ ਗਈਆਂ, ਜਿਸ ਨਾਲ ਨਾਰਾਜ਼ਗੀ ਅਤੇ ਵੱਡੇ ਪੱਧਰ ‘ਤੇ ਹਿੰਸਾ ਹੋਈ।
ਪੁਲਿਸ ਮੁਤਾਬਕ ਬਜਰੰਗ ਦਲ ਦੇ ਵਿਰੋਧ ਪ੍ਰਦਰਸ਼ਨ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਏ, ਜਿਸ ਨਾਲ ਸਥਿਤੀ ਵਿਗੜ ਗਈ। ਇਸ ਤੋਂ ਬਾਅਦ ਨਾਗਪੁਰ ਦੇ ਕਈ ਇਲਾਕਿਆਂ ‘ਚ ਪੱਥਰਬਾਜ਼ੀ ਅਤੇ ਅੱਗਜ਼ਨੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਹਿੰਸਾ ‘ਚ 33 ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ, ਜਿਨ੍ਹਾਂ ‘ਚ ਤਿੰਨ ਉੱਚ ਅਧਿਕਾਰੀ ਵੀ ਸ਼ਾਮਲ ਸਨ।
ਫਹੀਮ ਖਾਨ ‘ਤੇ ਕੀ ਦੋਸ਼ ਹਨ?
ਨਾਗਪੁਰ ਹਿੰਸਾ ਦੇ ਮਾਸਟਰਮਾਈਂਡ ਵਜੋਂ ਫਹੀਮ ਖਾਨ ਦਾ ਨਾਮ ਸਾਹਮਣੇ ਆਇਆ ।
ਪੁਲਿਸ ਨੇ ਉਸ ਦੇ ਖ਼ਿਲਾਫ਼ ਦੇਸ਼ਧ੍ਰੋਹ ਦਾ ਮਾਮਲਾ ਦਰਜ ਕੀਤਾ ਹੈ।
ਉਹ ਇਸ ਸਮੇਂ ਜੇਲ੍ਹ ਵਿੱਚ ਹੈ ਅਤੇ ਜਾਂਚ ਜਾਰੀ ਹੈ।
ਫਹੀਮ ਖਾਨ ਘੱਟ ਗਿਣਤੀ ਡੈਮੋਕ੍ਰੇਟਿਕ ਪਾਰਟੀ (ਐਮ.ਡੀ.ਪੀ.) ਨਾਲ ਜੁੜਿਆ ਰਿਹਾ ਹੈ।
ਬੁਲਡੋਜ਼ਰ ਦੀ ਕਾਰਵਾਈ ਕਿਉਂ ਹੋਈ ?
ਨਾਗਪੁਰ ਨਗਰ ਨਿਗਮ (ਐਨ.ਐਮ.ਸੀ.) ਨੇ ਫਹੀਮ ਖਾਨ ਦੇ ਘਰ ਦੇ ਗੈਰ-ਕਾਨੂੰਨੀ ਹਿੱਸੇ ਨੂੰ ਢਾਹੁਣ ਦਾ ਫ਼ੈਸਲਾ ਕੀਤਾ।
ਇਹ ਘਰ ਨਾਗਪੁਰ ਦੇ ਯਸ਼ੋਧਰਾ ਨਗਰ ਇਲਾਕੇ ਦੀ ਸੰਜੇ ਬਾਗ ਕਲੋਨੀ ਵਿੱਚ ਸਥਿਤ ਸੀ।
ਇਹ ਮਕਾਨ ਉਸ ਦੀ ਪਤਨੀ ਦੇ ਨਾਮ ‘ਤੇ ਰਜਿਸਟਰਡ ਸੀ।
ਨਗਰ ਨਿਗਮ ਨੇ ਪਹਿਲਾਂ ਹੀ ਨੋਟਿਸ ਜਾਰੀ ਕੀਤੇ ਸਨ, ਜਿਸ ਵਿਚ ਉਸਾਰੀ ਅਤੇ ਬਿਨਾਂ ਮਨਜ਼ੂਰੀ ਦੇ ਬਣਾਏ ਗਏ ਹਿੱਸਿਆਂ ਵਿਚ ਬੇਨਿਯਮੀਆਂ ਵੱਲ ਇਸ਼ਾਰਾ ਕੀਤਾ ਗਿਆ ਸੀ।
ਮਹਾਰਾਸ਼ਟਰ ਦੇ ਮੰਤਰੀ ਪ੍ਰਤਾਪ ਸਰਨਾਇਕ ਨੇ ਕਿਹਾ ਕਿ ਜੇਕਰ ਕੋਈ ਅਜਿਹੀ ਹਿੰਸਾ ‘ਚ ਸ਼ਾਮਲ ਹੁੰਦਾ ਹੈ ਤਾਂ ਉਸ ਦੇ ਘਰ ‘ਤੇ ਨਹੀਂ ਬਲਕਿ ਉਸ ‘ਤੇ ਬੁਲਡੋਜ਼ਰ ਚਲਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਦੇ ਬਿਆਨ ਨੇ ਇਸ ਮੁੱਦੇ ਨੂੰ ਹੋਰ ਚਰਚਾ ਵਿੱਚ ਲਿਆ ਦਿੱਤਾ ਹੈ।