ਮਾਨਸਾ : ਮਾਨਸਾ ਜ਼ਿਲ੍ਹੇ ਦੇ ਪਿੰਡ ਰਾਧ ਵਿਖੇ ਇਕ ਅੰਮ੍ਰਿਤਧਾਰੀ ਨੌਜ਼ਵਾਨ ਦੀ ਦਸਤਾਰ ਦੀ ਬੇਅਦਬੀ ਕਰਨ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ । ਇਹ ਘਟਨਾ ਕਿਸ ਤਰੀਕੇ ਨਾਲ ਵਾਪਰੀ, ਇਸ ਦਾ ਪਤਾ ਨਹੀਂ ਲੱਗ ਸਕਿਆ, ਜਦਕਿ ਦੂਜੇ ਪੱਖ ਨੇ ਇਸ ਨੂੰ ਝਗੜਾ ਦੱਸਿਆ। ਪਿੰਡ ਦੇ ਨੌਜਵਾਨ ਰਜਿੰਦਰ ਸਿੰਘ ਰੂਬੀ ਨੇ ਦੱਸਿਆ ਕਿ ਉਹ ਸ਼ਾਮ ਨੂੰ ਪਿੰਡ ਦੀ ਇਕ ਦੁਕਾਨ ‘ਤੇ ਕਰਿਆਨੇ ਦਾ ਸਾਮਾਨ ਖਰੀਦਣ ਗਿਆ ਸੀ ਤਾਂ ਪਿੰਡ ਦੇ ਕੁਝ ਲੋਕਾਂ ਨੇ ਉਸ ਨੂੰ ਘੇਰ ਲਿਆ ਅਤੇ ਉਸ ‘ਤੇ ਹਮਲਾ ਕਰ ਦਿੱਤਾ। ਉਸ ਦੀ ਪੱਗ ਉਤਾਰ ਕੇ ਸੁੱਟ ਦਿੱਤੀ ਗਈ ਅਤੇ ਉਸ ਦੇ ਕੇਸ ਵੀ ਖਰਾਬ ਕਰ ਦਿੱਤੇ ਗਏ, ਜਿਸ ਨੂੰ ਲੈ ਕੇ ਨੌਜ਼ਵਾਨਾਂ ਵਿਚ ਗੁੱਸਾ ਹੈ। ਪੀੜਤ ਨੇ ਦੱਸਿਆ ਕਿ ਇਸ ਦੌਰਾਨ ਹਮਲਾਵਰਾਂ ਨੇ ਜਾਤੀਵਾਦੀ ਸ਼ਬਦਾਂ ਦੀ ਵਰਤੋਂ ਵੀ ਕੀਤੀ।
ਇਸ ਮਾਮਲੇ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਵੀ ਕੀਤਾ ਗਿਆ, ਜਿਸ ਨੂੰ ਪੁਲਿਸ ਨੇ ਸ਼ਾਂਤ ਕਰ ਦਿੱਤਾ। ਪੁਲਿਸ ਨੇ ਪਰਵਿੰਦਰ ਸਿੰਘ, ਬਲਦੇਵ ਸਿੰਘ ਅਤੇ ਯਾਦਵਿੰਦਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਬਲਦੇਵ ਸਿੰਘ ਅਤੇ ਯਾਦਵਿੰਦਰ ਸਿੰਘ ਨੇ ਇਸ ਨੂੰ ਕੁਝ ਵਿਅਕਤੀਆਂ ਵਿਚਾਲੇ ਝਗੜਾ ਕਰਾਰ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਦਾ ਇਸ ਮਾਮਲੇ ਵਿਚ ਕੋਈ ਲੈਣਾ ਦੇਣਾ ਨਹੀਂ ਹੈ ਅਤੇ ਬਿਨਾਂ ਕਿਸੇ ਕਾਰਨ ਪਾਰਟੀ ਕਰਕੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।