ਚੰਡੀਗੜ੍ਹ : ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪਰਮਜੀਤ ਸਿੰਘ ਸਰਨਾ ਵੱਲੋਂ ਲਗਾਏ ਗੰਭੀਰ ਇਲਜ਼ਾਮਾਂ ਦਾ ਸਖ਼ਤ ਜਵਾਬ ਦਿੱਤਾ ਹੈ। ਸਰਨਾ ਨੇ ਦਾਅਵਾ ਕੀਤਾ ਸੀ ਕਿ ਗਿਆਨੀ ਹਰਪ੍ਰੀਤ ਸਿੰਘ 3-4 ਮਹੀਨੇ ਪਹਿਲਾਂ ਇੱਕ ਮਹਿਲਾ ਨੂੰ ਆਪਣੀ ਨਿੱਜੀ ਸਹਾਇਕ ਬਣਾਕੇ ਬਹਿਰੀਨ ਗਏ ਸਨ, ਜਿਸ ‘ਤੇ ਕੌਮ ਵੱਲੋਂ ਇਤਰਾਜ਼ ਜਤਾਇਆ ਗਿਆ ਸੀ।
ਇਨ੍ਹਾਂ ਦਾਅਵਿਆਂ ਦਾ ਖੰਡਨ ਕਰਦਿਆਂ, ਗਿਆਨੀ ਹਰਪ੍ਰੀਤ ਸਿੰਘ ਨੇ ਸਪੱਸ਼ਟ ਕੀਤਾ ਕਿ ਉਹ ਬਹਿਰੀਨ ਸਿਰਫ਼ ਦੁਬਈ ਦੇ ਗੁਰਦੁਆਰਾ ‘ਗੁਰੂ ਨਾਨਕ ਦਰਬਾਰ’ ਦੇ ਚੇਅਰਮੈਨ ਕੰਧਾਰੀ ਸਾਹਿਬ ਦੇ ਨਾਲ ਗਏ ਸਨ। ਉਨ੍ਹਾਂ ਦੱਸਿਆ ਕਿ ਨਵੰਬਰ ਮਹੀਨੇ ਵਿੱਚ ਬਹਿਰੀਨ ਦੀ ਸੰਗਤ ਨੇ ਇੱਕ ਸਮਾਗਮ ਦਾ ਆਯੋਜਨ ਕੀਤਾ ਸੀ, ਜਿਸ ਵਿੱਚ ਉਹ ਇਕੱਲੇ ਹੀ ਸ਼ਾਮਲ ਹੋਏ ਸਨ ਅਤੇ ਉਨ੍ਹਾਂ ਦੇ ਨਾਲ ਕੋਈ ਮਹਿਲਾ ਨਹੀਂ ਸੀ। ਉਨ੍ਹਾਂ ਇਹ ਵੀ ਕਿਹਾ ਕਿ ਬਹਿਰੀਨ ਦੀ ਸੰਗਤ ਅਤੇ ਗੁਰਦੁਆਰਾ ਕਮੇਟੀਆਂ ਇਸ ਗੱਲ ਦੀ ਪੁਸ਼ਟੀ ਕਰ ਸਕਦੀਆਂ ਹਨ। ਇਸ ਤੋਂ ਪਹਿਲਾਂ ਵੀ, ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਖ਼ਿਲਾਫ਼ ਹੋ ਰਹੀ ਕਿਰਦਾਰਕੁਸ਼ੀ ਦੇ ਪ੍ਰਯਾਸਾਂ ਬਾਰੇ ਗੱਲ ਕੀਤੀ ਸੀ ਅਤੇ ਕਿਹਾ ਸੀ ਕਿ ਕੁਝ ਲੋਕ ਉਨ੍ਹਾਂ ਦੀ ਛਵੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।