ਨਵੀਂ ਦਿੱਲੀ : ਦਿੱਲੀ ‘ਚ ਅੱਜ ਸਵੇਰੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਕਈ ਸਕਿੰਟਾਂ ਲਈ ਧਰਤੀ ਹਿੱਲਦੀ ਰਹੀ ਜਿਸ ਤੋਂ ਬਾਅਦ ਲੋਕ ਆਪਣੇ ਘਰਾਂ ਚੋਂ ਬਾਹਰ ਵੱਲ ਨੂੰ ਭੱਜੇ। ਭੂਚਾਲ ਦਾ ਕੇਂਦਰ ਧੌਲਾ ਕੁਆਂ ਦੇ ਲੇਕ ਪਾਰਕ ਖੇਤਰ ਵਿੱਚ ਸੀ ਅਤੇ ਉੱਥੇ ਕੁਝ ਲੋਕਾਂ ਨੂੰ ਭੂਚਾਲ ਤੋਂ ਬਾਅਦ ਤੇਜ਼ ਆਵਾਜ਼ ਸੁਣਾਈ ਦੇਣ ਦੀ ਖ਼ਬਰ ਹੈ।
ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਮੁਤਾਬਕ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 4.0 ਮਾਪੀ ਗਈ ਅਤੇ ਇਸ ਦਾ ਕੇਂਦਰ ਦਿੱਲੀ ਨੇੜੇ ਧਰਤੀ ਤੋਂ 5 ਕਿਲੋਮੀਟਰ ਦੀ ਡੂੰਘਾਈ ‘ਚ ਸੀ। ਭੂਚਾਲ ਤੋਂ ਬਾਅਦ ਪੀ.ਐੱਮ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਇਕ ਪੋਸਟ ਸ਼ੇਅਰ ਕੀਤੀ ਅਤੇ ਲਿਖਿਆ, ‘ਦਿੱਲੀ ਅਤੇ ਆਸ ਪਾਸ ਦੇ ਇਲਾਕਿਆਂ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਸਾਰਿਆਂ ਨੂੰ ਸ਼ਾਂਤ ਰਹਿਣ ਅਤੇ ਸੁਰੱਖਿਆ ਸਾਵਧਾਨੀਆਂ ਦੀ ਪਾਲਣਾ ਕਰਨ ਦੀ ਅਪੀਲ ਕਰਦਾ ਹਾਂ।
ਭੂਚਾਲ ਤੋਂ ਬਾਅਦ ਨੇਤਾਵਾਂ ਦੀ ਪ੍ਰਤੀਕਿਰਿਆ
ਇਸ ਦੇ ਨਾਲ ਹੀ ਭਾਜਪਾ ਨੇਤਾ ਤਜਿੰਦਰ ਬੱਗਾ ਨੇ ਐਕਸ ‘ਤੇ ਸਵਾਲ ਪੁੱਛਦੇ ਹੋਏ ਲਿਖਿਆ- ‘ਭੂਚਾਲ?’। ਕਾਂਗਰਸ ਨੇਤਾ ਅਲਕਾ ਲਾਂਬਾ ਨੇ ਵੀ ਐਕਸ ‘ਤੇ ਅਜਿਹੀ ਹੀ ਪੋਸਟ ਸਾਂਝੀ ਕੀਤੀ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਐਕਸ ‘ਤੇ ਲਿਖਿਆ- ਮੈਂ ਸਾਰਿਆਂ ਦੀ ਸੁਰੱਖਿਆ ਲਈ ਪ੍ਰਾਰਥਨਾ ਕਰਦਾ ਹਾਂ।
ਕਾਂਗਰਸ ਬੁਲਾਰੇ ਰਾਗਿਨੀ ਨਾਇਕ ਨੇ ‘ਐਕਸ’ ‘ਤੇ ਇਕ ਪੋਸਟ ‘ਚ ਕਿਹਾ, ‘ਦਿੱਲੀ ‘ਚ ਤੇਜ਼ ਝਟਕੇ, ਜਿਸ ਕਾਰਨ ਅਸੀਂ ਨੀਂਦ ਤੋਂ ਜਾਗ ਗਏ। ਮੈਂ ਉਮੀਦ ਕਰਦੀ ਹਾਂ ਅਤੇ ਪ੍ਰਾਰਥਨਾ ਕਰਦੀ ਹਾਂ ਕਿ ਹਰ ਕੋਈ ਸੁਰੱਖਿਅਤ ਅਤੇ ਸਿਹਤਮੰਦ ਹੋਵੇ। ਕੇਂਦਰੀ ਟੈਕਸਟਾਈਲ ਮੰਤਰੀ ਗਿਰੀਰਾਜ ਸਿੰਘ ਨੇ ਐਕਸ ‘ਤੇ ਲਿਖਿਆ, “ਇਹ ਭੂਚਾਲ ਬਹੁਤ ਡਰਾਉਣਾ ਸੀ! ਪ੍ਰਮਾਤਮਾ ਸਾਰਿਆਂ ਨੂੰ ਸੁਰੱਖਿਅਤ ਰੱਖੇ!
ਆਮ ਆਦਮੀ ਪਾਰਟੀ ਦੀ ਨੇਤਾ ਆਤਿਸ਼ੀ ਨੇ ਐਕਸ ‘ਤੇ ਲਿਖਿਆ- ਦਿੱਲੀ ‘ਚ ਇਸ ਸਮੇਂ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਮੈਂ ਪ੍ਰਮਾਤਮਾ ਨੂੰ ਪ੍ਰਾਰਥਨਾ ਕਰਦੀ ਹਾਂ ਕਿ ਹਰ ਕੋਈ ਸੁਰੱਖਿਅਤ ਰਹੇ।
ਦਿੱਲੀ ਪੁਲਿਸ ਨੇ ਜਾਰੀ ਕੀਤਾ ਐਮਰਜੈਂਸੀ ਨੰਬਰ
ਦਿੱਲੀ ਪੁਲਿਸ ਨੇ ਆਪਣੇ ਐਕਸ ਹੈਂਡਲ ‘ਤੇ ਲਿਖਿਆ, ‘ਸਾਨੂੰ ਉਮੀਦ ਹੈ ਕਿ ਤੁਸੀਂ ਸਾਰੇ ਸੁਰੱਖਿਅਤ ਹੋ। ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ, 112 ਡਾਇਲ ਕਰੋ।