ਪੰਜਾਬ : ਸੂਬੇ ਦੇ ਨੌਜ਼ਵਾਨਾਂ ਦਾ ਪੰਜਾਬ ਪੁਲਿਸ ਵਿੱਚ ਭਰਤੀ ਹੋਣ ਦਾ ਸੁਪਨਾ ਛੇਤੀ ਹੀ ਸਾਕਾਰ ਹੋਣ ਜਾ ਰਿਹਾ ਹੈ। ਪੁਲਿਸ ਨੇ ਕਾਂਸਟੇਬਲ ਦੀਆਂ 1746 ਅਸਾਮੀਆਂ ਲਈ ਭਰਤੀ ਦਾ ਐਲਾਨ ਕੀਤਾ ਹੈ। ਭਰਤੀ ਲਈ ਆਨਲਾਈਨ ਅਰਜ਼ੀ ਪ੍ਰਕਿਰਿਆ 21 ਫਰਵਰੀ ਨੂੰ ਸਵੇਰੇ 7 ਵਜੇ ਤੋਂ ਸ਼ੁਰੂ ਹੋਵੇਗੀ ਅਤੇ 13 ਮਾਰਚ ਨੂੰ ਰਾਤ 11.55 ਵਜੇ ਤੱਕ ਚੱਲੇਗੀ। ਭਰਤੀ ਪ੍ਰਕਿਰਿਆ ਵਿੱਚ ਕਿਸੇ ਵੀ ਸਵਾਲ ਜਾਂ ਸਮੱਸਿਆਵਾਂ ਵਾਲੇ ਨੌਜ਼ਵਾਨਾਂ ਨੂੰ ਹੈਲਪ ਡੈਸਕ ਵੀ ਜਾਰੀ ਕੀਤੇ ਗਏ ਹਨ। ਹੈਲਪ ਡੈਸਕ ਲਈ ਲੋਕਾਂ ਨੂੰ 022-61306265 ‘ਤੇ ਕਾਲ ਕਰਨੀ ਹੋਵੇਗੀ।
ਇਸ ਭਰਤੀ ਪ੍ਰਕਿਰਿਆ ਵਿੱਚ ਜ਼ਿਲ੍ਹਾ ਕਾਡਰ ਵਿੱਚ 1216 ਅਸਾਮੀਆਂ ਅਤੇ ਆਰਮਡ ਕਾਡਰ ਵਿੱਚ 485 ਅਸਾਮੀਆਂ ਦੀ ਭਰਤੀ ਕੀਤੀ ਜਾਵੇਗੀ। ਦੇਸ਼ ਦਾ ਕੋਈ ਵੀ ਨਾਗਰਿਕ ਭਰਤੀ ਪ੍ਰਕਿ ਰਿਆ ਵਿੱਚ ਹਿੱਸਾ ਲੈ ਸਕਦਾ ਹੈ। ਭਰਤੀ ਲਈ ਘੱਟੋ ਘੱਟ ਉਮਰ ਹੱਦ 18 ਸਾਲ ਅਤੇ ਵੱਧ ਤੋਂ ਵੱਧ 28 ਸਾਲ ਨਿਰਧਾਰਤ ਕੀਤੀ ਗਈ ਹੈ। ਰਾਖਵੀਂ ਸ਼੍ਰੇਣੀ ਦੇ ਬਿਨੈਕਾਰਾਂ ਨੂੰ ਪੰਜ ਸਾਲ ਦੀ ਛੋਟ ਦਿੱਤੀ ਜਾਵੇਗੀ। ਉਹ 33 ਸਾਲ ਦੀ ਉਮਰ ਤੱਕ ਅਪਲਾਈ ਕਰ ਸਕਣਗੇ। ਇਸ ਅਹੁਦੇ ‘ਤੇ ਭਰਤੀ ਲਈ ਵਿਦਿਅਕ ਯੋਗਤਾ 12ਵੀਂ ਪਾਸ ਜਾਂ ਇਸ ਦੇ ਬਰਾਬਰ ਹੈ। ਜਦਕਿ ਸਾਬਕਾ ਸੈਨਿਕਾਂ ਦੀ ਸ਼੍ਰੇਣੀ ਵਿੱਚ ਲੋੜੀਂਦੀ ਯੋਗਤਾ 10ਵੀਂ ਪਾਸ ਹੋਣੀ ਚਾਹੀਦੀ ਹੈ। ਬਿਨੈਕਾਰ ਨੂੰ 1 ਜਨਵਰੀ, 2025 ਤੋਂ ਪਹਿਲਾਂ ਪੜ੍ਹਾਈ ਪੂਰੀ ਕਰਨੀ ਚਾਹੀਦੀ ਹੈ। ਜੇਕਰ ਕਿਸੇ ਤਰ੍ਹਾਂ ਦੀ ਮਦਦ ਦੀ ਲੋੜ ਪੈਂਦੀ ਹੈ ਤਾਂ ਲੋਕ ਹੈਲਪ ਡੈਸਕ ਤੋਂ ਮਦਦ ਲੈ ਸਕਣਗੇ।
ਸਾਰੇ ਬਿਨੈਕਾਰਾਂ ਨੇ 1 ਜਨਵਰੀ 2025 ਨੂੰ ਜਾਂ ਇਸ ਤੋਂ ਪਹਿਲਾਂ ਪੰਜਾਬੀ ਵਿਸ਼ੇ ਦੀ ਪੜ੍ਹਾਈ ਕੀਤੀ ਹੋਣੀ ਚਾਹੀਦੀ ਹੈ। ਦੂਜਾ, ਜੇ ਰੱਖਿਆ ਸੇਵਾ ਦੇ ਕਰਮਚਾਰੀਆਂ ਦਾ ਕੋਈ ਆਸ਼ਰਿਤ ਜੋ ਪੰਜਾਬ ਰਾਜ ਦਾ ਕੁਦਰਤੀ ਵਸਨੀਕ ਹੈ, ਨੂੰ ਸਿੱਧੀ ਨਿਯੁਕਤੀ ਦੁਆਰਾ ਨਿਯੁਕਤ ਕੀਤਾ ਜਾਂਦਾ ਹੈ, ਤਾਂ ਉਸ ਨੂੰ ਮੈਟ੍ਰਿਕ ਦੇ ਮਿਆਰ ਦੇ ਬਰਾਬਰ ਪੰਜਾਬੀ ਭਾਸ਼ਾ ਦਾ ਟੈਸਟ ਪਾਸ ਕਰਨਾ ਪਵੇਗਾ ਜਾਂ ਉਸ ਨੂੰ ਆਪਣੀ ਨਿਯੁਕਤੀ ਦੀ ਮਿਤੀ ਤੋਂ ਦੋ ਸਾਲਾਂ ਦੇ ਅੰਦਰ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੇ ਭਾਸ਼ਾ ਵਿੰਗ ਦੁਆਰਾ ਆਯੋਜਿਤ ਪ੍ਰੀਖਿਆ ਪਾਸ ਕਰਨੀ ਪਵੇਗੀ।