ਪ੍ਰਯਾਗਰਾਜ : ਪ੍ਰਯਾਗਰਾਜ ਮਹਾਕੁੰਭ ‘ਚ ਬੁੱਧਵਾਰ ਨੂੰ ਮੌਨੀ ਅਮਾਵਸਿਆ ‘ਤੇ ਮਚੀ ਭਗਦੜ ਨੇ ਆਮ ਲੋਕਾਂ ਨੂੰ ਪਰੇਸ਼ਾਨ ਕਰ ਦਿੱਤਾ ਹੈ। ਮਹਾਕੁੰਭ ਭਗਦੜ ‘ਤੇ ਸੀਐਮ ਯੋਗੀ ਨੇ ਪ੍ਰਤੀਕਿਰਿਆ ਦਿੱਤੀ ਹੈ। ਇਸ ਦੌਰਾਨ ਉਹ ਕਾਫੀ ਭਾਵੁਕ ਨਜ਼ਰ ਆਏ। ਉਨ੍ਹਾਂ ਕਿਹਾ ਕਿ 30 ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ। ਮੈਂ ਇਸ ਘਟਨਾ ਤੋਂ ਬਹੁਤ ਦੁਖੀ ਹਾਂ। ਮੇਰੀ ਸੰਵੇਦਨਾ ਸਾਰੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹੈ।
ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 25-25 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਅਤੇ ਨਿਆਇਕ ਜਾਂਚ ਦੇ ਵੀ ਹੁਕਮ ਦਿੱਤੇ ਹਨ। ਜੁਡੀਸ਼ੀਅਲ ਕਮਿਸ਼ਨ ਇੱਕ ਮਹੀਨੇ ਵਿੱਚ ਆਪਣੀ ਰਿਪੋਰਟ ਸੂਬਾ ਸਰਕਾਰ ਨੂੰ ਸੌਂਪੇਗਾ। ਇਸ ਸਬੰਧੀ ਮੁੱਖ ਸਕੱਤਰ ਅਤੇ ਡੀਜੀਪੀ ਖੁਦ ਪ੍ਰਯਾਗਰਾਜ ਦਾ ਦੌਰਾ ਕਰਨਗੇ। ਯੋਗੀ ਨੇ ਦੱਸਿਆ ਕਿ 36 ਜ਼ਖਮੀਆਂ ਦਾ ਪ੍ਰਯਾਗਰਾਜ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਭਗਦੜ ਇਸ ਲਈ ਹੋਈ ਕਿਉਂਕਿ ਭੀੜ ਨੇ ਅਖਾੜਾ ਰੋਡ ‘ਤੇ ਲੱਗੇ ਬੈਰੀਕੇਡ ਤੋੜ ਦਿੱਤੇ ਸਨ।
ਪੁਲਿਸ, NDRF ਅਤੇ ਬਚਾਅ ਟੀਮਾਂ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਬੰਦ ਪਏ ਸਾਰੇ ਰਸਤਿਆਂ ਨੂੰ ਖੋਲ੍ਹਣ ਲਈ ਪ੍ਰਸ਼ਾਸਨ ਪੂਰੀ ਤਨਦੇਹੀ ਨਾਲ ਕੰਮ ਕਰ ਰਿਹਾ ਸੀ। ਮੌਨੀ ਅਮਾਵਸਿਆ ‘ਤੇ ਪਵਿੱਤਰ ਇਸ਼ਨਾਨ ਕਰਨ ਲਈ ਕੱਲ੍ਹ ਸ਼ਾਮ 7 ਵਜੇ ਤੋਂ ਪ੍ਰਯਾਗਰਾਜ ‘ਚ ਵੱਡੀ ਗਿਣਤੀ ‘ਚ ਸ਼ਰਧਾਲੂ ਇਕੱਠੇ ਹੋਏ ਸਨ। ਅਖਾੜਾ ਮਾਰਗ ‘ਤੇ ਇੱਕ ਮੰਦਭਾਗੀ ਘਟਨਾ ਵਾਪਰੀ ਹੈ। ਜਿਸ ਵਿਚ 90 ਤੋਂ ਵੱਧ ਲੋਕ ਜ਼ਖਮੀ ਹੋ ਗਏ ਸਨ, ਇੰਨੇ ਸ਼ਰਧਾਲੂਆਂ ਦੇ ਆਉਣ ਲਈ ਅਸੀਂ ਪੁਖਤਾ ਪ੍ਰਬੰਧ ਕੀਤੇ ਹੋਏ ਸਨ। ਅਸੀਂ ਪੁਲਿਸ ਪੱਧਰ ‘ਤੇ ਇਸ ਦੀ ਵੱਖਰੇ ਤੌਰ ‘ਤੇ ਜਾਂਚ ਕਰਵਾਵਾਂਗੇ।