ਵਾਸ਼ਿੰਗਟਨ : ਡੋਨਾਲਡ ਟਰੰਪ ਰਾਸ਼ਟਰਪਤੀ ਬਣਨ ਤੋਂ ਬਾਅਦ ਲਗਾਤਾਰ ਦੇਸ਼ ਲਈ ਵਧੀਆ ਕੰਮ ਕਰ ਰਹੇ ਹਨ। ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਪੇਸਐਕਸ ਦੇ ਸੀਈਓ ਐਲੋਨ ਮਸਕ ਨੂੰ ਪੁਲਾੜ ਵਿੱਚ ਫਸੇ ਸੁਨੀਤਾ ਵਿਲੀਅਮਜ਼ ਅਤੇ ਉਨ੍ਹਾਂ ਦੇ ਸਹਿਯੋਗੀ ਬੁਚ ਵਿਲਮੋਰ ਨੂੰ ਵਾਪਸ ਲਿਆਉਣ ਦਾ ਕੰਮ ਸੌਂਪਿਆ ਹੈ। ਦੋਵੇਂ ਵਿਗਿਆਨੀ ਪਿਛਲੇ ਸਾਲ ਜੂਨ ਤੋਂ ਪੁਲਾੜ ਵਿੱਚ ਫਸੇ ਹੋਏ ਹਨ।
ਟਰੰਪ ਨੇ ਸੋਸ਼ਲ ਮੀਡੀਆ ‘ਤੇ ਲਿਖਿਆ- ਮੈਂ ਮਸਕ ਨੂੰ ਉਨ੍ਹਾਂ ਦੋ ‘ਬਹਾਦਰ ਪੁਲਾੜ ਯਾਤਰੀਆਂ’ ਨੂੰ ਵਾਪਸ ਲਿਆਉਣ ਲਈ ਕਿਹਾ ਹੈ। ਇਨ੍ਹਾਂ ਨੂੰ ਬਿਡੇਨ ਪ੍ਰਸ਼ਾਸਨ ਦੁਆਰਾ ਪੁਲਾੜ ਵਿੱਚ ਛੱਡਿਆ ਗਿਆ ਹੈ। ਉਹ ਕਈ ਮਹੀਨਿਆਂ ਤੋਂ ਪੁਲਾੜ ਸਟੇਸ਼ਨ ‘ਤੇ ਉਡੀਕ ਕਰ ਰਹੇ ਹਨ। ਮਸਕ ਜਲਦੀ ਹੀ ਇਸ ਕੰਮ ਵਿੱਚ ਜੁੱਟ ਜਾਣਗੇ ਸਾਨੂੰ ਉਮੀਦ ਹੈ ਕਿ ਹਰ ਕੋਈ ਸੁਰੱਖਿਅਤ ਹੈ। ਮਸਕ ਨੇ ਜਵਾਬ ‘ਚ ਕਿਹਾ ਕਿ ਅਸੀਂ ਵੀ ਅਜਿਹਾ ਹੀ ਕਰਾਂਗੇ। ਇਹ ਭਿਆਨਕ ਹੈ ਕਿ ਬਿਡੇਨ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਇੰਨੇ ਲੰਬੇ ਸਮੇਂ ਲਈ ਉੱਥੇ ਛੱਡ ਦਿੱਤਾ ਹੈ। ਜਦੋਂ ਕਿ ਨਾਸਾ ਨੇ ਕਈ ਮਹੀਨੇ ਪਹਿਲਾਂ ਹੀ ਸਪੇਸਐਕਸ ਨੂੰ ਦੋਵੇਂ ਪੁਲਾੜ ਯਾਤਰੀਆਂ ਨੂੰ ਆਪਣੇ ਕਰੂ ਮਿਸ਼ਨ ਤਹਿਤ ਵਾਪਸ ਲਿਆਉਣ ਲਈ ਸ਼ਾਮਲ ਕੀਤਾ ਸੀ।
ਸੁਨੀਤਾ ਵਿਲੀਅਮਸ ਨੂੰ ਪੁਲਾੜ ਵਿਚ ਕਰੀਬ 8 ਮਹੀਨੇ ਹੋ ਗਏ ਹਨ। ਉਹ ਪਿਛਲੇ ਸਾਲ 5 ਜੂਨ ਨੂੰ ਬੁਚ ਵਿਲਮੋਰ ਨਾਲ ਆਈਐਸਐਸ ਪਹੁੰਚੀ ਸੀ। ਉਸ ਨੇ ਹਫ਼ਤੇ ਬਾਅਦ ਵਾਪਸ ਆਉਣਾ ਸੀ। ਦੋਵੇਂ ਬੋਇੰਗ ਦੇ ਨਵੇਂ ਸਟਾਰਲਾਈਨਰ ਕੈਪਸੂਲ ਦੀ ਜਾਂਚ ਕਰਨ ਲਈ ਗਏ ਸਨ, ਪਰ ਇਸ ਦੇ ਖਰਾਬ ਹੋਣ ਤੋਂ ਬਾਅਦ, ਦੋਵੇਂ ਆਈਐਸਐਸ ‘ਤੇ ਰੁਕੇ ਸਨ। ਉਦੋਂ ਤੋਂ ਦੋਵੇਂ ਉਥੇ ਹੀ ਫਸੇ ਹੋਏ ਹਨ।