ਲਖਨਊ : ਬਹੁਜਨ ਸਮਾਜ ਪਾਰਟੀ (ਬਸਪਾ) ਦੀ ਰਾਸ਼ਟਰੀ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ (Former Chief Minister Mayawati) ਨੇ ਅੱਜ ਪੰਜਾਬ ਦੇ ਅੰਮ੍ਰਿਤਸਰ ‘ਚ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦੀ ਮੂਰਤੀ ਨੂੰ ਤੋੜਨ ਦੀ ਕਥਿਤ ਕੋਸ਼ਿਸ਼ ਦੀ ਨਿੰਦਾ ਕਰਦੇ ਹੋਏ ‘ਆਪ’ ਸਰਕਾਰ, ਕਾਂਗਰਸ ਅਤੇ ਭਾਜਪਾ ‘ਤੇ ਨਿਸ਼ਾਨਾ ਸਾਧਿਆ। ਦਿੱਲੀ ਵਿਧਾਨ ਸਭਾ ਚੋਣਾਂ ਦਾ ਜ਼ਿਕਰ ਕਰਦਿਆਂ ਬਸਪਾ ਮੁਖੀ ਨੇ ਕਿਹਾ ਕਿ ਦਿੱਲੀ ਦੇ ਵੋਟਰਾਂ ਨੂੰ ਖਾਸ ਕਰਕੇ ‘ਆਪ’, ਕਾਂਗਰਸ ਅਤੇ ਭਾਜਪਾ ਦੇ ਦੋਗਲੇ ਮਾਪਦੰਡਾਂ ਤੋਂ ਸਬਕ ਲੈਣਾ ਚਾਹੀਦਾ ਹੈ ਅਤੇ ਅੰਬੇਡਕਰਵਾਦੀ ਪਾਰਟੀ ਬਸਪਾ ਨੂੰ ਹੀ ਵੋਟ ਦੇ ਕੇ ਮਜ਼ਬੂਤ ਕਰਨਾ ਚਾਹੀਦਾ ਹੈ।
ਮਾਇਆਵਤੀ ਨੇ ਕਾਰਵਾਈ ਦੀ ਕੀਤੀ ਹੈ ਮੰਗ
ਤੁਹਾਨੂੰ ਦੱਸ ਦੇਈਏ ਕਿ ਪੰਜਾਬ ਦੇ ਅੰਮ੍ਰਿਤਸਰ ਵਿੱਚ ਬੀਤੇ ਦਿਨ ਗਣਤੰਤਰ ਦਿਵਸ ਮੌਕੇ ਇੱਕ ਨੌਜਵਾਨ ਨੇ ਡਾਕਟਰ ਭੀਮ ਰਾਓ ਅੰਬੇਡਕਰ ਦੀ ਮੂਰਤੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ। ਪੰਜਾਬ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਬਸਪਾ ਮੁਖੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਪੋਸਟਾਂ ਦੀ ਲੜੀ ‘ਚ ਕਿਹਾ ਕਿ ਇਹ ਸ਼ਰਮਨਾਕ ਹੈ। ਇਸ ਘਟਨਾ ਲਈ ਜਿੰਨੀ ਵੀ ਨਿੰਦਾ ਕੀਤੀ ਜਾਵੇ ਕਾਫ਼ੀ ਨਹੀਂ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਅਣਸੁਖਾਵੀਂ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਅਜਿਹੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਤੁਰੰਤ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨਾ ਦੁਹਰਾਈਆਂ ਜਾਣ।
ਮਾਇਆਵਤੀ ਨੇ ਕੀਤੀ ਹੈ ਇਹ ਅਪੀਲ
ਮਾਇਆਵਤੀ ਨੇ ਕਿਹਾ, ”ਪੂਰਾ ਦੇਸ਼ ਬਾਬਾ ਸਾਹਿਬ ਦੇ ਸੰਵਿਧਾਨ ਨੂੰ ਲਾਗੂ ਕਰਨ ਦੇ ਇਤਿਹਾਸਕ ਦਿਨ ‘ਤੇ ਬੀਤੇ ਦਿਨ 76ਵਾਂ ਗਣਤੰਤਰ ਦਿਵਸ ਮਨਾ ਰਿਹਾ ਸੀ। ਅਜਿਹੇ ਵਿੱਚ ਸੰਵਿਧਾਨ ਨਿਰਮਾਤਾ ਭਾਰਤ ਰਤਨ ਡਾ: ਅੰਬੇਡਕਰ ਦੀ ਮੂਰਤੀ ਦਾ ਨਿਰਾਦਰ ਕਰਨਾ ਖਾਸ ਕਰਕੇ ਆਮ ਆਦਮੀ ਪਾਰਟੀ ਅਤੇ ਇਸ ਦੀ ਸਰਕਾਰ ਲਈ ਵੱਡੀ ਨਮੋਸ਼ੀ ਵਾਲੀ ਗੱਲ ਹੈ। ਮਾਇਆਵਤੀ ਨੇ ਕਿਹਾ, ”ਬਾਬਾ ਸਾਹਿਬ ਦਾ ਹਰ ਤਰ੍ਹਾਂ ਨਾਲ ਨਿਰਾਦਰ ਕਰਨ ਵਾਲੀ, ਉਨ੍ਹਾਂ ਨੂੰ ਭਾਰਤ ਰਤਨ ਨਾ ਦੇ ਕੇ ਨਿਰਾਦਰ ਕਰਨ ਵਾਲੀ ਅਤੇ ਉਨ੍ਹਾਂ ਦੇ ਪੈਰੋਕਾਰਾਂ ਦੀ ਹਮੇਸ਼ਾ ਅਣਦੇਖੀ ਕਰਨ ਵਾਲੀ ਕਾਂਗਰਸ ਪਾਰਟੀ ਦਾ ਉਨ੍ਹਾਂ ਦੇ ਜਨਮ ਸਥਾਨ ਮਹੂ, ਮੱਧ ਪ੍ਰਦੇਸ਼ ‘ਚ ਸੰਵਿਧਾਨ ਦਿਵਸ ਦੀ ਰੈਲੀ ਕਰਨਾ ਨਿਰਾ ਸਿਆਸੀ ਧੋਖਾ ਅਤੇ ਚੋਣ ਸੁਆਰਥ ਹੈ। ‘ ਉਨ੍ਹਾਂ ਅਪੀਲ ਕੀਤੀ ਕਿ ਇਸ ਲਈ ਅਜਿਹੇ ਸਮੇਂ ਜਦੋਂ ਦਿੱਲੀ ਵਿੱਚ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ, ਦਿੱਲੀ ਦੇ ਵੋਟਰਾਂ ਨੂੰ ਖਾਸ ਕਰਕੇ ਆਪ, ਕਾਂਗਰਸ ਅਤੇ ਭਾਜਪਾ ਦੇ ਦੋਗਲੇ ਮਾਪਦੰਡ ਤੋਂ ਸਬਕ ਲੈਣਾ ਚਾਹੀਦਾ ਹੈ ਅਤੇ ਅੰਬੇਡਕਰਵਾਦੀ ਪਾਰਟੀ ਬਸਪਾ ਨੂੰ ਵੋਟ ਦੇ ਕੇ ਮਜ਼ਬੂਤ ਕਰਨਾ ਚਾਹੀਦਾ ਹੈ।