Home ਪੰਜਾਬ ਅੱਜ ਸੈਂਕੜੇ ਟਰੈਕਟਰ ਲੈ ਕੇ ਮਾਰਚ ਕਰਨਗੇ ਕਿਸਾਨ

ਅੱਜ ਸੈਂਕੜੇ ਟਰੈਕਟਰ ਲੈ ਕੇ ਮਾਰਚ ਕਰਨਗੇ ਕਿਸਾਨ

0

ਪਟਿਆਲਾ : ਅੱਜ 26 ਜਨਵਰੀ ਨੂੰ ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਿਕ, ਕਿਸਾਨ-ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਾਂਝੇ ਤੌਰ ’ਤੇ ਪੂਰੇ ਦੇਸ਼ ਵਿਚ ਮੋਦੀ ਸਰਕਾਰ (The Modi Government) ਖ਼ਿਲਾਫ਼ ਸੜਕਾਂ ਉਪਰ ਟਰੈਕਟਰ ਖੜ੍ਹੇ ਕਰ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਉਧਰ ਹਰਿਆਣਾ ਵਿਚ ਕਿਸਾਨ ਇਸ ਟਰੈਕਟਰ ਮਾਰਚ ਲਈ ਤਿਆਰ ਹਨ ਤੇ ਰੋਹਤਕ ਤੋਂ ਦਿੱਲੀ ਬਾਰਡਰ ਤਕ ਸੈਂਕੜੇ ਟਰੈਕਟਰ ਲੈ ਕੇ ਮਾਰਚ ਕਰਨਗੇ।

ਦੂਸਰੇ ਪਾਸੇ ਅੱਜ ਖਨੌਰੀ ਬਾਰਡਰ ’ਤੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 61ਵੇਂ ਦਿਨ ਵਿਚ ਸ਼ਾਮਲ ਹੋ ਗਿਆ ਹੈ। ਡੱਲੇਵਾਲ ਨੇ ਐਲਾਨ ਕੀਤਾ ਕਿ ਜਦੋਂ ਤਕ ਕਿਸਾਨਾਂ ਦੀਆਂ ਮੰਗਾਂ ਨਹੀ ਪੂਰੀਆਂ ਹੁੰਦੀਆਂ, ਉਦੋਂ ਤਕ ਉਹ ਮਰਨ ਵਰਤ ਨਹੀਂ ਤੋੜਨਗੇ। ਇਸ ਦੌਰਾਨ ਕਿਸਾਨੀ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਅੱਜ ਕਿਸਾਨ ਨੇਤਾ ਸਰਵਣ ਸਿੰਘ ਪੰਧੇਰ ਦੀ ਅਗਵਾਈ ਵਿਚ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਅੰਮ੍ਰਿਤਸਰ ਵੱਲੋਂ 29 ਜਨਵਰੀ ਨੂੰ ਸ਼ੰਭੂ ਬਾਰਡਰ ਨੂੰ ਕੂਚ ਕਰਨ ਅਤੇ 26 ਜਨਵਰੀ ਦੇ ਐਕਸ਼ਨ ਪ੍ਰੋਗਰਾਮਾਂ ਦੀ ਤਿਆਰੀ ਲਈ ਲੋਪੋਕੇ ਦੇ ਗੁਰਦੁਆਰਾ ਸਾਧੂ ਸਿੱਖ ਅਤੇ ਅਜਨਾਲਾ ਨਜ਼ਦੀਕ ਕਸਬਾ ਪੱਕਾ ਸ਼ਹਿਰ ’ਚ 2 ਵਿਸ਼ਾਲ ਇਕੱਠ ਕਰ ਕੇ ਕਿਸਾਨਾਂ-ਮਜ਼ਦੂਰਾਂ ਦੀ ਲਾਮਬੰਦੀ ਕੀਤੀ ਗਈ।

ਇਸ ਮੌਕੇ ਸੀਨੀਅਰ ਆਗੂ ਸਰਵਣ ਸਿੰਘ ਪੰਧੇਰ ਅਤੇ ਜ਼ਿਲ੍ਹਾ ਆਗੂ ਬਾਜ਼ ਸਿੰਘ ਸਾਰੰਗੜਾ ਨੇ ਦੱਸਿਆ ਕਿ 26 ਜਨਵਰੀ ਨੂੰ ਦੇਸ਼ ਦੇ ਕਿਸਾਨਾਂ ਵੱਲੋਂ ਟਰੈਕਟਰ ਕਾਰਪੋਰੇਟ ਘਰਾਣਿਆਂ ਦੇ ਸ਼ਾਪਿੰਗ ਮਾਲਜ਼, ਗੋਦਾਮਾਂ ਅਤੇ ਭਾਜਪਾ ਆਗੂਆਂ ਦੇ ਘਰਾਂ ਅਤੇ ਦਫਤਰਾਂ ਅੱਗੇ ਖੜ੍ਹੇ ਕਰਕੇ ਸਿੱਧ ਕਰ ਦਿੱਤਾ ਜਾਵੇਗਾ ਕਿ ਇਹ 2-3 ਸੂਬਿਆਂ ਦਾ ਅੰਦੋਲਨ ਨਾ ਹੋ ਕੇ ਪੂਰੇ ਦੇਸ਼ ਦਾ ਹੈ। ਉਥੇ ਹੀ ਜ਼ਿਲ੍ਹਾ ਅੰਮ੍ਰਿਤਸਰ ਵਿਚ 12.00 ਤੋਂ 1.30 ਵਜੇ ਤਕ ਹਜ਼ਾਰਾਂ ਟਰੈਕਟਰ, ਵੱਖ ਵੱਖ ਕਾਰਪੋਰੇਟ ਘਰਾਣਿਆਂ ਦੇ ਸਾਇਲੋਜ ਗੋਦਾਮਾਂ, ਸ਼ਾਪਿੰਗ ਮਾਲਜ਼ ਅਤੇ ਭਾਜਪਾ ਲੀਡਰਾਂ ਦੇ ਘਰਾਂ ਅੱਗੇ ਖੜ੍ਹੇ ਕਰਕੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ।

Exit mobile version