Home Sport ਰੋਹਿਤ, ਜੈਸਵਾਲ, ਰਿਸ਼ਭ ‘ਤੇ ਸ਼ੁਭਮਨ ਗਿੱਲ ਰਣਜੀ ਟਰਾਫੀ ‘ਚ ਦੂਜੇ ਪੜਾਅ ਦੇ...

ਰੋਹਿਤ, ਜੈਸਵਾਲ, ਰਿਸ਼ਭ ‘ਤੇ ਸ਼ੁਭਮਨ ਗਿੱਲ ਰਣਜੀ ਟਰਾਫੀ ‘ਚ ਦੂਜੇ ਪੜਾਅ ਦੇ ਪਹਿਲੇ ਦਿਨ ਇੱਕ ਅੰਕ ਦੇ ਸਕੋਰ ‘ਤੇ ਹੋਏ ਆਊਟ

0

ਸਪੋਰਟਸ ਡੈਸਕ : ਰਣਜੀ ਟਰਾਫੀ ਦੇ ਛੇਵੇਂ ਗੇੜ ‘ਚ ਭਾਰਤੀ ਟੈਸਟ ਟੀਮ ਦੇ ਸਟਾਰ ਖਿਡਾਰੀਆਂ ਕਪਤਾਨ ਰੋਹਿਤ ਸ਼ਰਮਾ, ਯਸ਼ਸਵੀ ਜੈਸਵਾਲ, ਰਿਸ਼ਭ ਪੰਤ ਅਤੇ ਸ਼ੁਭਮਨ ਗਿੱਲ ਨੂੰ ਆਪੋ-ਆਪਣੀਆਂ ਸੂਬਾਈ ਟੀਮਾਂ ‘ਚ ਸ਼ਾਮਲ ਕੀਤੇ ਜਾਣ ਨਾਲ ਉਤਸ਼ਾਹ ਵਧ ਗਿਆ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਆਪਣੀ ਨਵੀਂ ਨੀਤੀ ਤਹਿਤ ਅੰਤਰਰਾਸ਼ਟਰੀ ਖਿਡਾਰੀਆਂ ਲਈ ਘਰੇਲੂ ਕ੍ਰਿਕਟ ‘ਚ ਹਿੱਸਾ ਲੈਣਾ ਲਾਜ਼ਮੀ ਕਰ ਦਿੱਤਾ ਸੀ ਪਰ ਟੂਰਨਾਮੈਂਟ ਦੇ ਦੂਜੇ ਪੜਾਅ ਦੇ ਪਹਿਲੇ ਦਿਨ ਚਾਰੇ ਇਕ ਅੰਕ ਦੇ ਸਕੋਰ ‘ਤੇ ਆਊਟ ਹੋ ਗਏ।

ਮੁੰਬਈ ਦੇ ਬਾਂਦਰਾ-ਕੁਰਲਾ ਕੰਪਲੈਕਸ ‘ਚ ਐਮ.ਸੀ.ਏ ਸ਼ਰਦ ਪਵਾਰ ਕ੍ਰਿਕਟ ਅਕੈਡਮੀ ਮੈਦਾਨ ‘ਤੇ 10 ਸਾਲ ਬਾਅਦ ਰਣਜੀ ਟਰਾਫੀ ‘ਚ ਰੋਹਿਤ ਦੀ ਵਾਪਸੀ ਥੋੜ੍ਹੀ ਦੇਰ ਲਈ ਰਹੀ ਜੋ ਸਿਰਫ 19 ਗੇਂਦਾਂ ‘ਤੇ ਹੀ ਖਤਮ ਹੋ ਗਈ, ਉਨ੍ਹਾਂ ਨੂੰ ਜੰਮੂ-ਕਸ਼ਮੀਰ ਦੇ ਤੇਜ਼ ਗੇਂਦਬਾਜ਼ ਉਮਰ ਨਜ਼ੀਰ ਨੇ ਸਿਰਫ 3 ਦੌੜਾਂ ‘ਤੇ ਆਊਟ ਕਰ ਦਿੱਤਾ। ਜੈਸਵਾਲ ਨੇ 4 ਦੌੜਾਂ ਬਣਾਈਆਂ ਅਤੇ ਔਕਿਬ ਨਬੀ ਦਾ ਸ਼ਿਕਾਰ ਬਣੇ, ਜਿਨ੍ਹਾਂ ਨੇ ਸਵੇਰ ਦੇ ਝਟਕਿਆਂ ਦਾ ਪੂਰਾ ਫਾਇਦਾ ਉਠਾਇਆ ਅਤੇ ਖੱਬੇ ਹੱਥ ਦੇ ਇਸ ਬੱਲੇਬਾਜ਼ ਨੂੰ ਤੇਜ਼ ਗੇਂਦ ‘ਤੇ ਐਲ.ਬੀ.ਡਬਲਯੂ ਕਰ ਦਿੱਤਾ। ਬੈਂਗਲੁਰੂ ‘ਚ ਪੰਜਾਬ ਲਈ ਓਪਨਿੰਗ ਕਰ ਰਹੇ ਗਿੱਲ 8 ਗੇਂਦਾਂ ‘ਤੇ 4 ਦੌੜਾਂ ਬਣਾ ਕੇ ਆਊਟ ਹੋ ਗਏ, ਜਦੋਂ ਕਰਨਾਟਕ ਦੇ ਤੇਜ਼ ਗੇਂਦਬਾਜ਼ ਅਭਿਲਾਸ਼ ਸ਼ੈੱਟੀ ਨੇ ਉਨ੍ਹਾਂ ਨੂੰ ਕੈਚ ਆਊਟ ਕੀਤਾ।

ਰਾਜਕੋਟ ਦੇ ਨਿਰੰਜਨ ਸ਼ਾਹ ਸਟੇਡੀਅਮ ਗਰਾਊਂਡ ਸੀ ‘ਚ ਦਸੰਬਰ 2017 ਤੋਂ ਬਾਅਦ ਆਪਣਾ ਪਹਿਲਾ ਰਣਜੀ ਟਰਾਫੀ ਮੈਚ ਖੇਡ ਰਹੇ ਪੰਤ ਬਹੁਤ ਘੱਟ ਸਮੇਂ ਲਈ ਕ੍ਰਿਜ਼ ‘ਤੇ ਰਹੇ ਅਤੇ ਉਨ੍ਹਾਂ ਨੇ ਸੌਰਾਸ਼ਟਰ ਖ਼ਿਲਾਫ ਦਿੱਲੀ ਲਈ 10 ਗੇਂਦਾਂ ‘ਤੇ ਸਿਰਫ 1 ਰਨ ਬਣਾਇਆ। ਧਰਮਿੰਦਰ ਸਿੰਘ ਜਡੇਜਾ ਨੂੰ ਸਵੀਪ ਕਰਨ ਦੀ ਕੋਸ਼ਿਸ਼ ‘ਚ ਪੰਤ ਆਪਣਾ ਸੰਤੁਲਨ ਗੁਆ ਬੈਠਾ ਅਤੇ ਡੀਪ ਸਕਿਊਰ ਲੇਗ ‘ਤੇ ਕੈਚ ਆਊਟ ਹੋ ਗਿਆ। ਗੇਂਦਬਾਜ਼ੀ ਵਿਚ ਕੁਝ ਉਤਸ਼ਾਹ ਸੀ ਕਿਉਂਕਿ ਰਵਿੰਦਰ ਜਡੇਜਾ ਨੇ 17.4 ਓਵਰਾਂ ਵਿਚ 66 ਦੌੜਾਂ ਦੇ ਕੇ 5 ਵਿਕਟਾਂ ਲਈਆਂ ਜਿਸ ਨਾਲ ਸੌਰਾਸ਼ਟਰ ਨੇ ਦਿੱਲੀ ਨੂੰ 188 ਦੌੜਾਂ ‘ਤੇ ਢੇਰ ਕਰ ਦਿੱਤਾ।

Exit mobile version