ਨਵੀਂ ਦਿੱਲੀ : ਆਈਸੀਸੀ ਪ੍ਰਧਾਨ ਜੈ ਸ਼ਾਹ ਨੇ ਬ੍ਰਿਸਬੇਨ 2032 ਓਲੰਪਿਕ ਵਿੱਚ ਕ੍ਰਿਕਟ ਨੂੰ ਸ਼ਾਮਲ ਕਰਨ ਨੂੰ ਲੈ ਕੇ ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈਓਸੀ) ਦੇ ਪ੍ਰਧਾਨ ਥਾਮਸ ਬਾਕ ਨਾਲ ਮੁਲਾਕਾਤ ਕੀਤੀ ਹੈ।
ਆਈਓਸੀ ਸੈਸ਼ਨ ਦੀ ਮੀਟਿੰਗ 30 ਜਨਵਰੀ ਨੂੰ ਸਵਿਟਜ਼ਰਲੈਂਡ ਦੇ ਲੁਸਾਨੇ ਵਿੱਚ ਓਲੰਪਿਕ ਹਾਊਸ ਵਿੱਚ ਹੋਣੀ ਹੈ। ਮੰਗਲਵਾਰ ਨੂੰ ICC ਨੇ ਜੈ ਸ਼ਾਹ ਦੀ ਫੋਟੋ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ, ICC ਨੇ ਲਿਖਿਆ, ਓਲੰਪਿਕ ‘ਚ ਕ੍ਰਿਕਟ ਨੂੰ ਸ਼ਾਮਲ ਕਰਨ ਦੀ ਕੋਸ਼ਿਸ਼ ਜਾਰੀ ਹੈ। ਜੈ ਸ਼ਾਹ ਨੇ ਇਸ ਹਫਤੇ ਸਵਿਟਜ਼ਰਲੈਂਡ ਦੇ ਲੁਸਾਨੇ ਵਿੱਚ ਆਈਓਸੀ ਦੇ ਪ੍ਰਧਾਨ ਥਾਮਸ ਬਾਕ ਨਾਲ ਮੁਲਾਕਾਤ ਕੀਤੀ।
ਸ਼ਾਹ ਬ੍ਰਿਸਬੇਨ ਵਿੱਚ ਭਾਰਤ ਅਤੇ ਆਸਟਰੇਲੀਆ ਵਿਚਾਲੇ ਤੀਜੇ ਟੈਸਟ ਦੌਰਾਨ ਬ੍ਰਿਸਬੇਨ ਵਿੱਚ ਸਨ, ਜਦੋਂ ਉਨ੍ਹਾਂ ਨੇ 2032 ਦੇ ਬ੍ਰਿਸਬੇਨ ਓਲੰਪਿਕ ਵਿੱਚ ਕ੍ਰਿਕਟ ਨੂੰ ਸ਼ਾਮਲ ਕਰਨ ਦੀ ਮੰਗ ਕੀਤੀ ਸੀ। ਸ਼ਾਹ ਨੇ ਓਲੰਪਿਕ ਆਯੋਜਨ ਕਮੇਟੀ ਦੀ ਮੁਖੀ ਸਿੰਡੀ ਹੁੱਕ ਅਤੇ ਕ੍ਰਿਕਟ ਆਸਟ੍ਰੇਲੀਆ (ਸੀਏ) ਦੇ ਸੀਈਓ ਨਿਕ ਹਾਕਲੇ ਨਾਲ ਵੀ ਮੀਟਿੰਗ ਕੀਤੀ।
ਜੈ ਸ਼ਾਹ ਨੇ ਉਦੋਂ ਕਿਹਾ ਸੀ, ਇਹ ਖੇਡ ਲਈ ਰੋਮਾਂਚਕ ਸਮਾਂ ਹੈ ਕਿਉਂਕਿ ਅਸੀਂ ਐਲਏ28 ਓਲੰਪਿਕ ਖੇਡਾਂ ਦੀ ਤਿਆਰੀ ਕਰ ਰਹੇ ਹਾਂ। ਅਸੀਂ ਸਾਰੇ ਵਿਸ਼ਵ ਭਰ ਦੇ ਪ੍ਰਸ਼ੰਸਕਾਂ ਲਈ ਕ੍ਰਿਕਟ ਨੂੰ ਹੋਰ ਆਕਰਸ਼ਕ ਬਣਾਉਣ ਲਈ ਕੰਮ ਕਰ ਰਹੇ ਹਾਂ। ਜੈ ਸ਼ਾਹ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਸਕੱਤਰ ਵਜੋਂ 2028 ਲਾਸ ਏਂਜਲਸ (LA) ਓਲੰਪਿਕ ਵਿੱਚ ਕ੍ਰਿਕਟ ਨੂੰ ਸ਼ਾਮਲ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ ਸੀ।