Home ਪੰਜਾਬ ਪੰਜਾਬ ਵਿਜੀਲੈਂਸ ਬਿਊਰੋ ਨੇ ਨਿੱਜੀ ਸੁਰੱਖਿਆ ਗਾਰਡ ਨੂੰ ਰੰਗੀ ਹੱਥੀਂ ਰਿਸ਼ਵਤ ਲੈਂਦੇ...

ਪੰਜਾਬ ਵਿਜੀਲੈਂਸ ਬਿਊਰੋ ਨੇ ਨਿੱਜੀ ਸੁਰੱਖਿਆ ਗਾਰਡ ਨੂੰ ਰੰਗੀ ਹੱਥੀਂ ਰਿਸ਼ਵਤ ਲੈਂਦੇ ਕੀਤਾ ਕਾਬੂ

0

ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਸਿਵਲ ਹਸਪਤਾਲ ਜਲੰਧਰ ਵਿੱਚ ਤਾਇਨਾਤ ਇੱਕ ਨਿੱਜੀ ਸੁਰੱਖਿਆ ਗਾਰਡ ਨਰਿੰਦਰ ਕੁਮਾਰ ਵਾਸੀ ਪਿੰਡ ਚੱਕ ਸਾਧੂ ਵਾਲਾ ਨੂੰ ਇੱਕ ਪੀ.ਸੀ.ਐਮ.ਐਸ ਡਾਕਟਰ ਦੇ ਨਾਮ ’ਤੇ 10,000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ।

ਅੱਜ ਇੱਥੇ ਇਹ ਖੁਲਾਸਾ ਕਰਦੇ ਹੋਏ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਕਿਹਾ ਕਿ ਇਹ ਕੇਸ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ’ਤੇ ਜ਼ਿਲ੍ਹਾ ਫਿਰੋਜ਼ਪੁਰ ਦੇ ਮੱਲਾਂਵਾਲਾ ਖਾਸ ਦੇ ਵਸਨੀਕ ਲੋਕੇਸ਼ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ ’ਤੇ ਦਰਜ ਕੀਤਾ ਗਿਆ ਹੈ।

ਬੁਲਾਰੇ ਨੇ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਨ੍ਹਾਂ ਨੇ ਆਪਣੀ ਰਿਸ਼ਤੇਦਾਰ ਲਈ ਅਪੰਗਤਾ ਸਰਟੀਫਿਕੇਟ ਜਾਰੀ ਕਰਨ ਲਈ ਸਿਵਲ ਸਰਜਨ ਜਲੰਧਰ ਦੇ ਦਫ਼ਤਰ ਵਿੱਚ ਇੱਕ ਆਰਥੋਪੀਡਿਕਸ ਮਾਹਰ ਕੋਲ ਪਹੁੰਚ ਕੀਤੀ ਸੀ ਪਰ ਈ-ਟਰਾਈਸਾਈਕਲ ਖਰੀਦਣ ਲਈ ਉਹ ਲੋੜੀਂਦੀ ਅਪੰਗਤਾ ਫੀਸਦ ਪ੍ਰਾਪਤ ਨਹੀਂ ਸੀ ਕਰ ਸਕੀ। ਬਾਅਦ ਵਿੱਚ ਸਬੰਧਤ ਡਾਕਟਰ ਵੱਲੋਂ ਆਪਣੇ ਦਫ਼ਤਰ ਦੇ ਬਾਹਰ ਤਾਇਨਾਤ ਕੀਤੇ ਉਕਤ ਸੁਰੱਖਿਆ ਗਾਰਡ ਨੇ ਅਪੰਗਤਾ ਸਰਟੀਫਿਕੇਟ ਦੀ ਫ਼ੀਸਦ ਵਧਾਉਣ ਬਦਲੇ 10000 ਰੁਪਏ ਦੀ ਮੰਗ ਕੀਤੀ। ਸ਼ਿਕਾਇਤਕਰਤਾ ਨੇ ਮੁਲਜ਼ਮ ਨਾਲ ਹੋਈ ਗੱਲਬਾਤ ਆਪਣੇ ਫ਼ੋਨ ’ਤੇ ਰਿਕਾਰਡ ਕਰ ਲਈ ਸੀ ਜਿਸਨੂੰ ਸਬੂਤ ਵਜੋਂ ਵਿਜੀਲੈਂਸ ਬਿਊਰੋ ਨੂੰ ਜਮ੍ਹਾਂ ਕਰਵਾ ਦਿੱਤਾ ਗਿਆ ਹੈ।

ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਸ਼ਿਕਾਇਤ ਵਿੱਚ ਲਗਾਏ ਗਏ ਦੋਸ਼ਾਂ ਦੀ ਤਸਦੀਕ ਦੌਰਾਨ ਇਹ ਸਹੀ –ਵ-ਦਰੁਸਤ ਪਾਏ ਗਏ ਹਨ ਕਿਉਂਕਿ ਇਨ੍ਹਾਂ ਨੂੰ ਮੌਖਿਕ ਸਬੂਤਾਂ ਦੇ ਨਾਲ-ਨਾਲ ਗੱਲਬਾਤ ਦੀ ਰਿਕਾਰਡਿੰਗ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਹੈ। ਇਸ ਤਸਦੀਕ ਰਿਪੋਰਟ ਦੇ ਆਧਾਰ ’ਤੇ, ਉਕਤ ਮੁਲਜ਼ਮ ਨਰਿੰਦਰ ਕੁਮਾਰ ਵਿਰੁੱਧ ਵਿਜੀਲੈਂਸ ਬਿਊਰੋ ਦੇ ਥਾਣਾ ਜਲੰਧਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਕਤ ਦੋਸ਼ੀ ਨੂੰ ਕੱਲ੍ਹ ਸਮਰੱਥ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਇਸ ਸਬੰਧੀ ਹੋਰ ਜਾਂਚ ਜਾਰੀ ਹੈ।

Exit mobile version